ਅਜੀਬੋ-ਗਰੀਬ ਢੰਗ ਨਾਲ ਲਿਆ ਪਰੇਸ਼ਾਨੀ ਦਾ ਬਦਲਾ,ਸਿੱਕਿਆਂ 'ਚ ਜਮ੍ਹਾਂ ਕਰਾਇਆ 'ਹਾਊਸ ਟੈਕਸ'

06/24/2020 5:27:44 PM

ਹਿਸਾਰ (ਵਾਰਤਾ)— ਹਰਿਆਣਾ ਦੇ ਫਤਿਹਾਬਾਦ ਵਿਚ ਨਗਰ ਪਰੀਸ਼ਦ ਕਾਮਿਆਂ ਦੇ ਚੱਕਰ ਕੱਢਵਾ ਕੇ ਪਰੇਸ਼ਾਨ ਕਰਨ ਦਾ ਬਦਲਾ ਇਕ ਸ਼ਖਸ ਨੇ ਉਨ੍ਹਾਂ ਨੂੰ ਹੈਰਾਨ ਕਰ ਕੇ ਲਿਆ। ਉਕਤ ਸ਼ਖਸ ਨੇ ਹਾਊਸ ਟੈਕਸ ਦੇ 9,199 ਰੁਪਏ ਸਿੱਕਿਆਂ ਦੇ ਰੂਪ ਵਿਚ ਜਮ੍ਹਾਂ ਕਰਵਾਏ। ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਨਾਂ ਦਾ ਸ਼ਖਸ ਕੱਲ੍ਹ ਆਪਣੀ ਭਰਜਾਈ ਮਨੀਸ਼ਾ ਦੇ ਹਾਊਸ ਟੈਕਸ ਦਾ 9,199 ਰੁਪਏ ਦੇ ਸਿੱਕੇ ਪਲਾਸਟਿਕ ਦੀ ਇਕ ਥੈਲੀ ਵਿਚ ਭਰ ਕੇ ਨਗਰ ਪਰੀਸ਼ਦ ਦਫ਼ਤਰ ਪੁੱਜਾ। ਕਾਮੇ ਸਿੱਕੇ ਦੇਖ ਕੇ ਹੈਰਾਨ ਹੋ ਗਏ ਪਰ ਨਿਯਮਾਂ ਮੁਤਾਬਕ ਸਿੱਕੇ ਲੈਣ ਤੋਂ ਮਨਾ ਵੀ ਨਹੀਂ ਕਰ ਸਕਦੇ ਸਨ। ਪਰੀਸ਼ਦ ਦੇ ਕਾਮਿਆਂ ਨੂੰ ਇਹ ਸਿੱਕੇ ਗਿਣਨ ਵਿਚ 4 ਘੰਟਿਆਂ ਦਾ ਸਮਾਂ ਲੱਗ ਗਿਆ। 

ਸੁਨੀਲ ਨੇ ਬਾਅਦ ਵੀ ਇਸ ਪੂਰੀ ਕਹਾਣੀ ਨੂੰ ਸਾਫ ਕੀਤਾ ਕਿ ਉਸ ਨੂੰ ਭਰਜਾਈ ਦੇ ਆਸ਼ਰਮ ਰੋਡ ਸਥਿਤ ਮਕਾਨ ਦੀ ਅਸੇਸਮੈਂਟ ਚਾਹੀਦੀ ਸੀ। ਪਿਛਲੇ 10 ਮਹੀਨਿਆਂ ਤੋਂ ਉਹ ਨਗਰ ਪਰੀਸ਼ਦ ਦੇ ਚੱਕਰ ਲਾ ਰਿਹਾ ਸੀ ਅਤੇ ਹਰ ਵਾਰ ਭਰੋਸਾ ਹੀ ਮਿਲਦਾ ਸੀ ਅਤੇ ਕੰਮ ਨਹੀਂ ਹੋ ਰਿਹਾ ਸੀ। ਸੁਨੀਲ ਨੇ ਦੱਸਿਆ ਕਿ ਉਨ੍ਹਾਂ ਨੇ 80 ਹਜ਼ਾਰ ਰੁਪਏ ਦਾ ਹਾਊਸ ਟੈਕਸ ਭਰਿਆ ਸੀ ਪਰ ਨਗਰ ਪਰੀਸ਼ਦ ਵਲੋਂ ਜਵਾਬ ਮਿਲਿਆ ਕਿ 9,199 ਰੁਪਏ ਹਾਊਸ ਟੈਕਸ ਬਕਾਇਆ ਹੈ ਅਤੇ ਜਦੋਂ ਤੱਕ ਇਹ ਰਕਮ ਨਹੀਂ ਭਰੀ ਜਾਂਦੀ, ਉਦੋਂ ਤੱਕ ਹਾਊਸ ਅਸੇਸਮੈਂਟ ਨਹੀਂ ਦਿੱਤੀ ਜਾਵੇਗੀ। 

ਸੁਨੀਲ ਜਿਸ ਦੀ ਕਰਿਆਨੇ ਦੀ ਦੁਕਾਨ ਹੈ, ਉਕਤ ਰਕਮ ਦੁਕਾਨ ਵਿਚ ਮਿਲਣ ਵਾਲੇ ਸਿੱਕਿਆਂ ਤੋਂ ਜਮ੍ਹਾਂ ਕੀਤੀ ਅਤੇ ਕੱਲ੍ਹ ਸਵੇਰੇ 8 ਵਜੇ ਨਗਰ ਪਰੀਸ਼ਦ ਦਫ਼ਤਰ ਪੁੱਜ ਗਏ। ਸੁਨੀਲ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਕਾਮਿਆਂ ਨੂੰ ਇਹ ਦੱਸਣਾ ਸੀ ਕਿ ਕਿਸੇ ਨੂੰ ਬਿਨਾਂ ਕਾਰਨ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਓਧਰ ਨਗਰ ਪਰੀਸ਼ਦ ਦੇ ਹੈੱਡ ਜਗਦੀਸ਼ ਕੁਮਾਰ ਨੇ ਕਿਹਾ ਕਿ ਪੂਰਾ ਹਾਊਸ ਟੈਕਸ ਜਮ੍ਹਾਂ ਹੋ ਜਾਣ ਤੋਂ ਬਾਅਦ ਹੀ ਅਸੇਸਮੈਂਟ ਦਿੱਤੀ ਜਾਂਦੀ ਹੈ। ਮਨੀਸ਼ਾ ਦੇ ਨਾਂ ਦਾ ਹਾਊਸ ਟੈਕਸ ਜਮ੍ਹਾਂ ਨਹੀਂ ਸੀ, ਅਜਿਹੇ ਵਿਚ ਕਾਗਜ਼ੀ ਕਾਰਵਾਈ ਪੂਰੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿੱਕੇ ਲੈਣ ਤੋਂ ਮਨਾ ਨਹੀਂ ਕੀਤਾ ਸਗੋਂ ਕਾਮਿਆਂ ਤੋਂ ਸਿੱਕੇ ਗਿਣਵਾਏ, ਜਿਸ ਵਿਚ ਕਰੀਬ 4 ਘੰਟੇ ਲੱਗੇ।

Tanu

This news is Content Editor Tanu