ਨਿਕਿਤਾ ਕਤਲਕਾਂਡ: ਮ੍ਰਿਤਕ ਕੁੜੀ ਦੇ ਘਰ ਪੁੱਜੀ SIT ਟੀਮ, ਪਰਿਵਾਰ ਵਾਲਿਆਂ ਨੂੰ ਕੀਤੇ ਸਵਾਲ-ਜਵਾਬ

10/28/2020 6:29:22 PM

ਫਰੀਦਾਬਾਦ— ਨਿਕਿਤਾ ਕਤਲਕਾਂਡ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਐੱਸ. ਆਈ. ਟੀ. ਦੀ ਟੀਮ ਬੁੱਧਵਾਰ ਦੁਪਹਿਰ ਨੂੰ ਮ੍ਰਿਤਕਾ ਦੇ ਘਰ ਜਾ ਕੇ ਉਸ ਦੇ ਪਰਿਵਾਰ ਨੂੰ ਮਿਲੀ ਅਤੇ ਉਨ੍ਹਾਂ ਤੋਂ ਕੁਝ ਸਵਾਲ-ਜਵਾਬ ਵੀ ਕੀਤੇ। ਪੁਲਸ ਨੇ ਕਤਲ ਦੇ ਮੁੱਖ ਦੋਸ਼ੀ ਸਮੇਤ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦੀ ਰਿਮਾਂਡ 'ਤੇ ਲਿਆ ਹੈ। ਮੁੱਖ ਦੋਸ਼ੀ ਦੀ ਪਹਿਚਾਣ ਤੌਸਿਫ਼ ਅਤੇ ਦੂਜੇ ਦੋਸ਼ੀ ਦੀ ਪਹਿਚਾਣ ਰੇਹਾਨ ਦੇ ਰੂਪ ਵਿਚ ਹੋਈ ਹੈ, ਜੋ ਕਿ ਹਰਿਆਣਾ ਦੇ ਹੀ ਰਹਿਣ ਵਾਲੇ ਹਨ। 

ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: ਪਹਿਲਵਾਨ ਬਜਰੰਗ ਪੂਨੀਆ ਦਾ ਫੁਟਿਆ ਗੁੱਸਾ- 'ਕੀ ਫਾਇਦਾ ਦੁਰਗਾ ਮਾਂ ਨੂੰ ਪੂਜਨ ਦਾ?'

ਦੱਸਣਯੋਗ ਹੈ ਕਿ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਬਲੱਭਗੜ੍ਹ 'ਚ ਵਿਦਿਆਰਥਣ ਨਿਕਿਤਾ ਤੋਮਰ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨਿਕਿਤਾ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ। ਉਹ ਬਲੱਭਗੜ੍ਹ ਦੇ ਅਗਰਵਾਲ ਕਾਲਜ ਵਿਚ ਪ੍ਰੀਖਿਆ ਦੇਣ ਆਈ ਸੀ। ਜਦੋਂ ਸਿਰਫਿਰੇ ਨੇ ਉਸ ਨੂੰ ਪਹਿਲਾਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਨਿਕਿਤਾ ਨੂੰ ਮਾਂ ਅਤੇ ਭਰਾ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਕਤਲ ਕੇਸ ਦੇ ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਨਿਕਿਤਾ ਕਿਸੇ ਹੋਰ ਨਾਲ ਵਿਆਹ ਕਰਵਾਉਣ ਵਾਲੀ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ। 

ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ

ਓਧਰ ਹਰਿਆਣਾ ਦਾ ਮਨੋਹਰ ਲਾਲ ਖੱਟੜ ਸਰਕਾਰ ਨੇ ਨਿਕਿਤਾ ਤੋਮਰ ਕਤਲਕਾਂਡ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਗਠਨ ਦੇ ਆਦੇਸ਼ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਕਤਲਕਾਂਡ ਦੀ ਤਹਿ ਤੱਕ ਜਾਣ ਲਈ ਐੱਸ. ਆਈ. ਟੀ. ਨਿਕਿਤਾ ਦੇ ਮਾਪਿਆਂ ਅਤੇ ਭਰਾ ਤੋਂ ਵੀ ਪੁੱਛ-ਗਿੱਛ ਕਰੇਗੀ। ਓਧਰ ਪੁਲਸ ਕਮਿਸ਼ਨਰ ਓ. ਪੀ. ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦੋਸ਼ੀਆਂ ਖ਼ਿਲਾਫ਼ ਉੱਚਿਤ ਸੂਬਤ ਹਨ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਪਰਿਵਾਰ ਦੀ ਮੰਗ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਵੇ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ:  ਪਤੀ ਦਾ ਕਤਲ ਕਰ ਘਰ 'ਚ ਦਫ਼ਨਾ ਦਿੱਤੀ ਸੀ ਲਾਸ਼, 18 ਮਹੀਨਿਆਂ ਬਾਅਦ ਇਸ ਤਰ੍ਹਾਂ ਖੁੱਲ੍ਹਿਆ ਰਾਜ

Tanu

This news is Content Editor Tanu