ਸੁਸ਼ਮਾ ਦੀ ਮਦਦ ਨਾਲ ਪਾਕਿਸਤਾਨ ਤੋਂ ਪਰਤੇ ਹਾਮਿਦ ਅੰਸਾਰੀ ਨੇ ਕਿਹਾ- ''ਚਲੀ ਗਈ ਮਾਂ''

08/07/2019 3:23:25 PM

ਨਵੀਂ ਦਿੱਲੀ— ਭਾਜਪਾ ਦੀ ਸੀਨੀਅਰ ਨੇਤਾ, ਕੁਸ਼ਲ ਬੁਲਾਰਾ ਅਤੇ ਆਪਣੇ ਮਿਲਾਪੜੇ ਸੁਭਾਅ ਲਈ ਜਾਣੀ ਜਾਂਦੀ ਸੁਸ਼ਮਾ ਸਵਰਾਜ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਭਾਵੇਂ ਹੀ ਉਹ ਸਾਡੇ ਦਰਮਿਆਨ ਨਹੀਂ ਰਹੀ ਪਰ ਉਨ੍ਹਾਂ ਵਲੋਂ ਕੀਤੇ ਗਏ ਕੰਮ ਹਮੇਸ਼ਾ ਯਾਦ ਰਹਿਣਗੇ। ਆਪਣੇ ਵਿਦੇਸ਼ ਮੰਤਰੀ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਕਈ ਅਜਿਹੇ ਕੰਮ ਕੀਤੇ, ਜਿਸ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ। ਇਹ ਵਜ੍ਹਾ ਹੈ ਕਿ ਅੱਜ ਉਨ੍ਹਾਂ ਨੂੰ ਯਾਦ ਕਰ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਗੱਲ ਚਾਹੇ ਪਾਕਿਸਤਾਨ ਦੀ ਜੇਲ ਵਿਚ ਬੰਦ ਹਾਮਿਦ ਅੰਸਾਰੀ ਦੀ ਹੋਵੇ ਜਾਂ ਪਾਕਿਸਤਾਨ ਤੋਂ ਪਰਤੀ ਗੀਤਾ ਦੀ। ਸੁਸ਼ਮਾ ਸਵਰਾਜ ਹਰ ਲੋੜਵੰਦ ਭਾਰਤੀ ਦੀ ਇਕ ਮਾਂ ਵਾਂਗ ਚਿੰਤਾ ਕਰਦੀ ਸੀ। 


 

ਹਾਮਿਦ ਅੰਸਾਰੀ ਨੇ ਕਿਹਾ- ਚਲੀ ਗਈ ਮਾਂ
ਹਾਮਿਦ ਅੰਸਾਰੀ ਪਾਕਿਸਤਾਨ ਦੀ ਜੇਲ ਵਿਚ 6 ਸਾਲ ਬਿਤਾ ਕੇ ਪਿਛਲੇ ਸਾਲ ਦਸੰਬਰ 'ਚ ਹੀ ਭਾਰਤ ਪਰਤੇ ਸਨ। ਸੁਸ਼ਮਾ ਸਵਰਾਜ ਦੀ ਮਦਦ ਨਾਲ ਹੀ ਹਾਮਿਦ ਦੀ ਵਤਨ ਵਾਪਸੀ ਹੋ ਸਕੀ ਸੀ। ਭਾਰਤ ਪਰਤਦੇ ਹੀ ਹਾਮਿਦ ਨੇ ਸਭ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ। ਸੁਸ਼ਮਾ ਨੂੰ ਦੇਖ ਕੇ ਹਾਮਿਦ ਇੰਨੇ ਕੁ ਭਾਵੁਕ ਹੋ ਗਏ ਕਿ ਗਲੇ ਲੱਗ ਕੇ ਰੋਣ ਲੱਗ ਪਏ ਸਨ। ਅੱਜ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਹਾਮਿਦ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ, ''ਉਹ ਮੇਰੇ ਲਈ ਮਾਂ ਵਾਂਗ ਸੀ। ਉਨ੍ਹਾਂ ਲਈ ਮੇਰੇ ਮਨ ਵਿਚ ਡੂੰਘਾ ਸਨਮਾਨ ਹੈ। ਉਹ ਹਮੇਸ਼ਾ ਮੇਰੇ ਦਿਲ ਵਿਚ ਜਿਊਂਦਾ ਰਹੇਗੀ। ਪਾਕਿਸਤਾਨ ਤੋਂ ਪਰਤਣ ਮਗਰੋਂ ਉਨ੍ਹਾਂ ਨੇ ਭਵਿੱਖ ਲਈ ਵੀ ਮੇਰਾ ਮਾਰਗਦਰਸ਼ਨ ਕੀਤਾ ਸੀ। ਉਨ੍ਹਾਂ ਦਾ ਜਾਣਾ ਮੇਰੇ ਲਈ ਇਕ ਵੱਡਾ ਘਾਟਾ ਹੈ।''


ਪਾਕਿਸਤਾਨੀ ਲੜਕੀ ਨਾਲ ਆਨਲਾਈਨ ਚੈਟਿੰਗ ਤੋਂ ਬਾਅਦ ਹੋਏ ਪਿਆਰ ਨੇ ਹਾਮਿਦ ਨੇਹਾਲ ਅੰਸਾਰੀ ਨੂੰ 2012 'ਚ ਬਿਨਾਂ ਵੀਜ਼ਾ ਪਾਕਿਸਤਾਨ ਪਹੁੰਚਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ 'ਤੇ ਜਾਸੂਸੀ ਦਾ ਕੇਸ ਚਲਾ ਕੇ ਜੇਲ ਭੇਜ ਦਿੱਤਾ ਗਿਆ ਸੀ। ਇਸ ਦਰਮਿਆਨ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਪਹੁੰਚਿਆ, ਜਿਨ੍ਹਾਂ ਨੇ ਪਾਕਿਸਤਾਨ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਦੋਹਾਂ ਹੀ ਦੇਸ਼ਾਂ ਦੇ ਕਈ ਲੋਕਾਂ ਨੇ ਮਿਲ ਕੇ ਕੋਰਟ ਦੇ ਸਾਹਮਣੇ ਇਹ ਸਾਬਿਤ ਕੀਤਾ ਕਿ ਹਾਮਿਦ ਪਾਕਿਸਤਾਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਜ਼ਰੂਰ ਹੋਇਆ ਪਰ ਉਹ ਜਾਸੂਸ ਨਹੀਂ ਹੈ।

Tanu

This news is Content Editor Tanu