ਮਨੁੱਖਤਾ ਦੀ ਮਿਸਾਲ : ਪੁਲਸ ਅਧਿਕਾਰੀ ਨੇ PPE ਕਿਟ ਪਹਿਨ ਕੋਰੋਨਾ ਮਰੀਜ਼ ਨੂੰ ਐਂਬੂਲੈਂਸ ਤੱਕ ਪਹੁੰਚਾਇਆ

05/24/2021 12:20:51 PM

ਗੁਹਾਟੀ- ਗੁਹਾਟੀ 'ਚ ਪੁਲਸ ਦੇ ਇਕ ਅਧਿਕਾਰੀ ਨੇ ਪੀਪੀਈ ਕਿਟ ਪਹਿਨ ਕੇ ਕੋਰੋਨਾ ਮਰੀਜ਼ ਨੂੰ ਐਂਬੂਲੈਂਸ ਤੱਕ ਪਹੁੰਚਾਇਆ। ਮਰੀਜ਼ ਦਾ ਆਕਸੀਜਨ ਪੱਧਰ ਕਾਫ਼ੀ ਘੱਟ ਹੋ ਗਿਆ ਸੀ ਅਤੇ ਉਸ ਨੂੰ ਆਸਾਮ ਦੇ ਚਿਰਾਂਗ ਜ਼ਿਲ੍ਹੇ ਦੇ ਇਕ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਤੱਕ ਪਹੁੰਚਾਉਣਾ ਸੀ। ਪੁਲਸ ਡਾਇਰੈਕਟਰ ਜਨਰਲ ਭਾਸਕਰ ਜੋਤੀ ਮਹੰਤ ਨੇ ਦੱਸਿਆ ਕਿ ਚਿਰਾਂਗ ਕੋਵਿਡ ਹੈਲਪਲਾਈਨ ਨੰਬਰ 'ਤੇ ਸ਼ਨੀਵਾਰ ਰਾਤ ਇਕ ਮਰੀਜ਼ ਲਈ ਮਦਦ ਮੰਗਣ ਸੰਬੰਧੀ ਫ਼ੋਨ ਆਇਆ ਸੀ। ਮਰੀਜ਼ ਦਾ ਆਕਸੀਜਨ ਦਾ ਪੱਧਰ ਡਿੱਗ ਕੇ 50 'ਤੇ ਪਹੁੰਚ ਗਿਆ ਸੀ। ਉਨ੍ਹਾਂ ਦੱਸਿਆ ਕਿ ਧਾਲੀਗਾਂਵ ਥਾਣਾ ਇੰਚਾਰਜ ਪ੍ਰਸੇਨਜਿਤ ਦਾਸ ਤੁਰੰਤ ਹੀ ਇਕ ਐਂਬੂਲੈਂਸ ਲੈ ਕੇ ਮਰੀਜ਼ ਦੇ ਘਰ ਪਹੁੰਚੇ ਅਤੇ ਦੇਖਿਆ ਕਿ ਬੇਹੋਸ਼ ਮਰੀਜ਼ ਨੂੰ ਚੁੱਕ ਕੇ ਵਾਹਨ ਤੱਕ ਪਹੁੰਚਾਉਣ ਲਈ ਉੱਥੇ ਕੋਈ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ : ਜਣੇਪੇ ਤੋਂ ਬਾਅਦ ਕਿਸੇ ਵੀ ਸਮੇਂ ਕੋਰੋਨਾ ਦਾ ਟੀਕਾ ਲਗਵਾ ਸਕਦੀਆਂ ਹਨ ਬੀਬੀਆਂ

ਮਹੰਤ ਨੇ ਦੱਸਿਆ ਕਿ ਮਰੀਜ਼ ਦੀ ਵਿਗੜਦੀ ਹਾਲਤ ਦੇਖ ਕੇ ਅਧਿਕਾਰੀ ਨੇ ਸਮੇਂ ਬਰਬਾਦ ਨਾ ਕਰਦੇ ਹੋਏ ਤੁਰੰਤ ਪੀਪੀਈ ਕਿਟ ਪਹਿਨੀ ਅਤੇ ਮਰੀਜ਼ ਨੂੰ ਐਂਬੂਲੈਂਸ ਤੱਕ ਪਹੁੰਚਾਇਆ, ਜੋ ਮਰੀਜ਼ ਨੂੰ ਜੇ.ਸੀ.ਬੀ. ਹਸਪਤਾਲ ਲੈ ਗਈ। ਮਹੰਤ ਨੇ ਕਿਹਾ,''ਜਦੋਂ ਕੋਰੋਨਾ ਕਾਰਨ ਲੋਕਾਂ ਦੇ ਮਨ 'ਚ ਡਰ ਪੈਦਾ ਹੋ ਗਿਆ ਹੈ, ਅਜਿਹੇ 'ਚ ਦਾਸ ਨੇ ਕਰਤੱਵ ਅਤੇ ਬਿਨਾਂ ਸਵਾਰਥ ਸੇਵਾ ਦੀ ਡੂੰਘੀ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਮਨੁੱਖਤਾ ਨੂੰ ਇਕ ਵੱਖ ਪੱਧਰ 'ਤੇ ਪਹੁੰਚਾਇਆ।'' ਉਨ੍ਹਾਂ ਕਿਹਾ,''ਅਸੀਂ ਅਧਿਕਾਰੀ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਉਮੀਦ ਕਰਦੇ ਹਾਂ ਕਿ ਆਸਾਮ ਪੁਲਸ ਦੇ ਸਾਰੇ ਮੈਂਬਰ ਬਿਨਾਂ ਸਵਾਰਥ ਭਾਵ ਨਾਲ ਮਨੁੱਖਤਾ ਦੀ ਸੇਵਾ ਕਰਨਾ ਜਾਰੀ ਰੱਖਣਗੇ।'' ਬਿਜਲੀ ਦੇ ਵਿਧਾਇਕ ਅਜੇ ਕੁਮਾਰ ਰਾਏ ਅਤੇ ਪੁਲਸ ਸੁਪਰਡੈਂਟ ਗੌਰਵ ਉਪਾਧਿਆਏ ਨੇ ਕਰਤੱਵ ਤੋਂ ਪਰ੍ਹੇ ਜਾ ਕੇ ਕੋਰੋਨਾ ਰੋਗੀ ਦੀ ਜਾਨ ਬਚਾਉਣ ਵਾਲੇ ਦਾਸ ਨੂੰ ਐਤਵਾਰ ਨੂੰ ਸਨਮਾਨਤ ਕੀਤਾ।

ਇਹ ਵੀ ਪੜ੍ਹੋ :  ਧਰਤੀ ’ਤੇ ਲਾਕਡਾਊਨ; ਕੋਰੋਨਾ ਨਿਯਮਾਂ ਦੀ ਪਰਵਾਹ ਛੱਡ ਜੋੜੇ ਨੇ ਉੱਡਦੇ ਜਹਾਜ਼ ’ਚ ਰਚਾਇਆ ਵਿਆਹ (ਵੀਡੀਓ)

DIsha

This news is Content Editor DIsha