ਗੁਜਰਾਤ ਚੋਣਾਂ : ਕੁੱਲ ਉਮੀਦਵਾਰਾਂ ''ਚੋਂ 14 ਫੀਸਦੀ ਦਾਗੀ ਤੇ 418 ਕਰੋੜਪਤੀ

12/11/2017 11:16:50 PM

ਗੁਜਰਾਤ— ਗੁਜਰਾਤ ਵਿਧਾਨ ਸਭਾ ਚੋਣਾਂ 'ਚ ਖੜ੍ਹੇ 1815 ਉਮੀਦਵਾਰਾਂ 'ਚੋਂ 14 ਫੀਸਦੀ ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਚੋਣ ਕਮਿਸ਼ਨ ਨੂੰ ਸੌਂਪੇ ਗਏ ਉਮੀਦਵਾਰਾਂ ਦੇ ਐਫੀਡੇਵਟ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ 253 ਦਾਗੀ ਉਮੀਦਵਾਰਾਂ 'ਚੋਂ 154 'ਤੇ ਕਤਲ, ਕਤਲ ਦੀ ਕੋਸ਼ਿਸ਼, ਅਗਵਾਹ ਅਤੇ ਮਹਿਲਾਵਾਂ ਨਾਲ ਹੋਣ ਵਾਲੇ ਅਪਰਾਧ ਜਿਹੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ।
ਚੋਣ ਅਤੇ ਰਾਜਨੀਤਕ ਸੁਧਾਰ ਦੇ ਖੇਤਰ 'ਚ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਅਤੇ ਗੁਜਰਾਤ ਇਲੈਕਸ਼ਨ ਵਾਚ ਨੇ ਇਹ ਜਾਂਚ ਕੀਤੀ ਹੈ। 
ਕਿਸ ਪਾਰਟੀ ਦੇ ਕਿੰਨੇ ਦਾਗੀ ਉਮੀਦਵਾਰ
ਰਿਪੋਰਟ ਮੁਤਾਬਕ ਗੁਜਰਾਤ ਚੋਣਾਂ ਲੜ ਰਹੇ ਕਾਂਗਰਸ ਦੇ 56, ਜਦਕਿ ਭਾਜਪਾ ਦੇ 46 ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਉਥੇ 418 ਕਰੋੜਪਤੀ ਉਮੀਦਵਾਰਾਂ 'ਚੋਂ 147 ਭਾਜਪਾ ਦੇ ਜਦਕਿ 129 ਕਾਂਗਰਸ ਦੇ ਹਨ। ਚੋਣਾਂ 'ਚ ਖੜੇ ਲੋਕਾਂ ਦੀ ਔਸਤ ਸੰਪਤੀ 2.22 ਕਰੋੜ ਰੁਪਏ ਦੇ ਬਰਾਬਰ ਹੈ, ਜਦਕਿ 2012 ਦੀਆਂ ਚੋਣਾਂ 'ਚ ਖੜ੍ਹੇ 1,283 ਉਮੀਦਵਾਰਾਂ ਦੀ ਔਸਤ ਸੰਪਤੀ 1.46 ਕਰੋੜ ਰੁਪਏ ਸੀ। 
ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੁੱਲ 182 ਵਿਧਾਨਸਭਾ ਖੇਤਰਾਂ 'ਚੋਂ 35 ਰੇੱਡ ਅਲਰਟ ਚੋਣ ਖੇਤਰ ਹਨ ਜਿੱਥੇ 3 ਜਾਂ ਉਸ ਤੋਂ ਜ਼ਿਆਦਾ ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਹਨ। 2012 'ਚ ਇਸ ਤਰ੍ਹਾਂ ਦੇ 25 ਵਿਧਾਨਸਭਾ ਖੇਤਰ ਸਨ।