ਗੁਜਰਾਤ ਚੋਣਾਂ ''ਤੇ ਚੀਨ ਦੀ ਨਜ਼ਰ, ਭਾਜਪਾ ਦੀ ਹਾਰ-ਜਿੱਤ ਦਾ ਪਵੇਗਾ ਅਸਰ

12/17/2017 6:33:13 PM

ਬੀਜਿੰਗ— ਭਾਰਤ ਦੀ ਰਾਹ 'ਚ ਵਾਰ-ਵਾਰ ਰੁਕਾਵਟਾਂ ਪੈਦਾ ਕਰਨ ਵਾਲਾ ਚੀਨ ਇਕ ਪਾਸੇ ਡੋਕਲਾਮ ਮੁੱਦੇ 'ਤੇ ਭਾਰਤ ਨੂੰ ਧਮਕਾਉਂਦਾ ਹੈ ਜਦਕਿ ਦੂਜੇ ਦੇਸ਼ਾਂ 'ਚ ਆਪਣੇ ਨਿਵੇਸ਼ ਨੂੰ ਉਹ ਜਾਇਜ਼ ਕਰਾਰ ਦਿੰਦਾ ਹੈ। ਪਰ ਹੁਣ ਚੀਨ ਦੀ ਨਜ਼ਰ ਗੁਜਰਾਤ ਵਿਧਾਨਸਭਾ ਚੋਣਾਂ ਦੇ ਨਤੀਜਿਆਂ 'ਤੇ ਟਿਕੀ ਹੈ। ਇਸ ਦੀ ਵਜ੍ਹਾ ਭਾਰਤ ਦਾ ਕੋਈ ਫਾਇਦਾ ਨਹੀਂ ਬਲਕਿ ਚੀਨ ਦਾ ਆਪਣਾ ਸੁਆਰਥ ਹੈ। ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪੈਦਾ ਹੋਣ ਵਾਲੇ ਰਾਜਨੀਤਕ ਪ੍ਰਭਾਵ ਤੋਂ ਚੀਨ ਨੂੰ ਕੋਈ ਦਿਲਚਸਪੀ ਨਹੀਂ ਹੈ। ਚੀਨ ਨੂੰ ਲੱਗਦਾ ਹੈ ਕਿ ਗੁਜਰਾਤ 'ਚ ਭਾਜਪਾ ਦੀ ਜਿੱਤ ਅਤੇ ਹਾਰ ਦਾ ਅਸਰ ਚੀਨ ਦੀ ਆਰਥਿਕਤਾ 'ਤੇ ਪਵੇਗਾ।
ਚੀਨੀ ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸੁਧਾਰਾਂ ਦਾ ਭਾਰਤ ਦੇ ਵਿਰੋਧੀ ਦਲ ਜੰਮ ਕੇ ਵਿਰੋਧ ਕਰਦੇ ਰਹੇ ਹਨ। ਜੀ. ਐੱਸ. ਟੀ. ਅਮਲ 'ਚ ਆਉਣ ਤੋਂ ਬਾਅਦ ਹਿਮਾਚਲ ਅਤੇ ਗੁਜਰਾਤ 'ਚ ਚੋਣਾਂ ਹੋਈਆਂ ਹਨ। ਗੁਜਰਾਤ 'ਚ ਵੱਡੀ ਗਿਣਤੀ 'ਚ ਵਪਾਰੀਆਂ ਨੇ ਜੀ. ਐੱਸ. ਟੀ. ਦੇ ਲਾਗੂ ਕਰਨ ਨੂੰ ਲੈ ਕੇ ਵਿਰੋਧ ਕੀਤਾ ਸੀ। ਚੀਨੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਗੁਜਰਾਤ 'ਚ ਭਾਜਪਾ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਰਥ ਹੈ ਕਿ ਜੀ. ਐੱਸ. ਟੀ. ਨੂੰ ਲੈ ਕੇ ਵਿਰੋਧੀ ਦਲ ਦਾ ਹਮਲਾ ਨਿਰਾਧਾਰ ਸੀ।
ਭਾਜਪਾ ਦੀ ਹਾਰ-ਜਿੱਤ ਨੂੰ ਲੈ ਕੇ ਚਿੰਤਾ ਹਾਲ ਦੇ ਸਾਲ 'ਚ ਚੀਨ ਵਲੋਂ ਭਾਰਤ 'ਚ ਕੀਤਾ ਨਿਵੇਸ਼ ਹੈ। ਦਰਅਸਲ ਚੀਨ ਦੇ ਲਈ ਭਾਰਤ ਇਕ ਵੱਡਾ ਡੈਸੀਟੀਨੇਸ਼ਨ ਹੈ। 2016 'ਚ ਨਿਵੇਸ਼ ਦੀ ਦਰ ਉਸ ਤੋਂ ਪਹਿਲਾਂ ਦੇ ਸਾਲਾਂ ਤੋਂ ਕਈ ਗੁਣਾ ਜ਼ਿਆਦਾ ਹੈ। ਮੋਬਾਈਲ ਕੰਪਨੀਆਂ ਸ਼ਾਓਮੀ ਅਤੇ ਓਪੋ ਨੇ ਭਾਰਤੀ ਬਾਜ਼ਾਰ ਦੇ ਇਕ ਵੱਡੇ ਹਿੱਸੇ ਨੂੰ ਆਪਣੇ ਕਬਜ਼ੇ 'ਚ ਕਰ ਕੇ ਰੱਖਿਆ ਹੋਇਆ ਹੈ। ਚੀਨ ਨੂੰ ਲੱਗਦਾ ਹੈ ਕਿ ਜੇਕਰ ਗੁਜਰਾਤ 'ਚ ਭਾਜਪਾ  ਨੂੰ ਸ਼ਾਨਦਾਰ ਕਾਮਯਾਬੀ ਮਿਲਦੀ ਹੈ ਤਾਂ ਮੋਦੀ ਸਰਕਾਰ ਆਰਥਿਕ ਸੁਧਾਰ ਦੇ ਏਜੰਡੇ 'ਤੇ ਹੋਰ ਤੇਜ਼ੀ ਨਾਲ ਅੱਗੇ ਵੱਧੇਗੀ ਪਰ ਭਾਜਪਾ ਦੇ ਹੱਥ ਤੋਂ ਗੁਜਰਾਤ ਫਿਸਲਣ ਤੋਂ ਬਾਅਦ ਮੋਦੀ ਸਰਕਾਰ ਵਲੋਂ ਆਰਥਿਕ ਸੁਧਾਰ ਦੀ ਪ੍ਰਕਿਰਿਆ 'ਚ ਰੁਕਾਵਟ ਪੈਦਾ ਹੋਵੇਗੀ, ਜਿਸ ਦਾ ਅਸਰ ਚੀਨੀ ਕੰਪਨੀਆਂ ਨੂੰ ਚੁੱਕਣਾ ਪਵੇਗਾ।