ਗਿੰਨੀਜ਼ ਬੁੱਕ ਦੇ ਨਵੇਂ ਐਡੀਸ਼ਨ ''ਚ ਭਾਰਤ ਦੇ 80 ਕਾਰਨਾਮੇ

11/01/2019 11:42:48 AM

ਨਵੀਂ ਦਿੱਲੀ— ਗਿੰਨੀਜ਼ ਵਰਲਡ ਰਿਕਾਰਡ ਦੇ ਨਵੇਂ ਐਡੀਸ਼ਨ 'ਚ ਭਾਰਤ ਦੇ ਕੁੱਲ 80 ਕਾਰਨਾਮੇ ਸ਼ਾਮਲ ਹਨ, ਜਿਸ 'ਚ ਇਕ ਲੜਕੀ ਦੇ ਸਭ ਤੋਂ ਲੰਮੇ ਵਾਲ, ਸਭ ਤੋਂ ਬੌਣੀ ਜਿਊਂਦੀ ਔਰਤ ਅਤੇ ਕਾਗਜ਼ ਦੇ ਕੱਪ ਦਾ ਸਭ ਤੋਂ ਵੱਡਾ ਕੁਲੈਕਸ਼ਨ ਸ਼ਾਮਲ ਹੈ। ਇਸ ਦੇ ਪ੍ਰਕਾਸ਼ਕ ਪੈਂਗਵਿਨ ਰੈਂਡਮ ਹਾਊਸ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। 'ਗਿੰਨੀਜ਼ ਵਰਲਡ ਰਿਕਾਰਡ 2020' ਪੁਸਤਕ 'ਚ ਹਜ਼ਾਰਾਂ ਨਵੇਂ ਰਿਕਾਰਡ ਸ਼ਾਮਲ ਹਨ, ਜਿਸ 'ਚ ਸਾਰੇ ਉਮਰ ਵਰਗਾਂ ਦੇ ਪਾਠਕਾਂ ਦਾ ਗਿਆਨ ਵਾਧਾ ਅਤੇ ਮਨੋਰੰਜਨ ਹੋਵੇਗਾ। ਇਸ ਰਿਕਾਰਡ ਬੁੱਕ 'ਚ ਭਾਰਤ ਦੀ 16 ਸਾਲ ਦੀ ਨਿਲਾਂਸ਼ੀ ਪਟੇਲ ਦਾ ਨਾਂ ਸ਼ਾਮਲ ਹੈ, ਜਿਸ ਦੇ ਵਾਲਾਂ ਦੀ ਲੰਬਾਈ 5 ਫੁੱਟ 7 ਇੰਚ ਹੈ। ਦੂਜੇ ਪਾਸੇ ਨਾਗਪੁਰ ਦੀ ਜੋਤੀ ਅਮਾਗੇ ਦੀ ਲੰਬਾਈ 24.7 ਇੰਚ ਹੈ ਅਤੇ ਉਨ੍ਹਾਂ ਦਾ ਨਾਂ ਸਭ ਤੋਂ ਛੋਟੀ ਔਰਤ ਹੋਣ ਦਾ ਰਿਕਾਰਡ ਦਰਜ ਹੈ। ਪੁਣੇ ਸ਼ਹਿਰ ਦੇ ਸ਼੍ਰੀਧਰ ਚਿੱਲਲ ਦੇ ਖੱਬੇ ਹੱਥ 'ਚ ਸਭ ਤੋਂ ਵਧ ਲੰਬਾ ਨਹੁੰ ਹੈ, ਜਿਸ ਦੀ ਲੰਬਾਈ 909.6 (358.1 ਇੰਚ) ਸੈਂਟੀਮੀਟਰ ਹੈ।

ਤਾਮਿਲਨਾਡੂ ਦੇ ਵੀ. ਸ਼ੰਕਰਨਾਰਾਇਣਨ ਨੇ ਇਸ ਕਿਤਾਬ 'ਚ ਆਪਣਾ ਨਾਂ ਕਾਗਜ਼ ਦੇ ਕੱਪ ਦੇ ਸਭ ਤੋਂ ਵੱਡੇ ਕੁਲੈਕਸ਼ਨ ਲਈ ਦਰਜ ਕਰਵਾਇਆ ਹੈ ਅਤੇ ਉਨ੍ਹਾਂ ਕੋਲ ਕੁੱਲ 736 ਕੱਪ ਹਨ। ਕਿਤਾਬ 'ਚ ਕੁਝ ਉਪਲੱਬਧੀਆਂ ਅਜਿਹੀਆਂ ਵੀ ਹਨ, ਜੋ ਯਕੀਨੀ ਤੌਰ 'ਤੇ ਮਾਣ ਕਰਨ ਲਾਇਕ ਨਹੀਂ ਹਨ। ਇਨ੍ਹਾਂ 'ਚ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੇ ਰੂਪ 'ਚ ਕਾਨਪੁਰ ਸ਼ਹਿਰ ਦਾ ਨਾਂ ਦਰਜ ਹੈ, ਜਿੱਥੇ ਸਾਲ 2016 'ਚ ਪੀਐੱਮ 2.5 ਔਸਤ ਪ੍ਰਤੀ ਐੱਮ3, 173 ਮਾਈਕ੍ਰੋਗ੍ਰਾਮ ਸੀ, ਜੋ ਵਿਸ਼ਵ ਸਿਹਤ ਸੰਗਠਨ ਦੇ ਮਾਨਕਾਂ ਤੋਂ 17 ਗੁਣਾ ਤੋਂ ਵੀ ਵਧ ਹੈ। ਪੁਸਤਕ ਵੀਰਵਾਰ ਨੂੰ ਬਾਜ਼ਾਰ 'ਚ ਆਈ ਹੈ।

DIsha

This news is Content Editor DIsha