ਗੁੜੀਆ ਜਬਰ ਜ਼ਨਾਹ ਅਤੇ ਕਤਲ ਮਾਮਲੇ ''ਚ ਦੋਸ਼ੀ ਨੀਲੂ ਨੂੰ ਉਮਰ ਕੈਦ ਦੀ ਸਜ਼ਾ

06/18/2021 6:45:50 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਟਖਾਈ ਸਥਿਤ ਬਹੁਚਰਚਿਤ ਗੁੜੀਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਚ ਦੋਸ਼ੀ ਅਨਿਲ ਕੁਮਾਰ ਉਰਫ਼ ਨੀਲੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 10ਵੀਂ ਦੀ ਵਿਦਿਆਰਥਣ ਦਾ ਜਬਰ ਜ਼ਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ 'ਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਰਾਜੀਵ ਭਾਰਦਵਾਜ ਨੇ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸ਼ੁੱਕਰਵਾਰ ਦੁਪਹਿਰ ਸਖ਼ਤ ਸੁਰੱਖਿਆ ਵਿਚਾਲੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤ 2 ਮਿੰਟ ਚੱਲੀ ਕਾਰਵਾਈ 'ਚ ਦੋਸ਼ੀ ਨੂੰ ਸਜ਼ਾ ਸੁਣਾਈ। ਦੋਸ਼ੀ ਨੀਲੂ ਪਿਛਲੇ 37 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹੈ। ਸੀ.ਬੀ.ਆਈ. ਨੇ ਦੋਸ਼ੀ ਨੂੰ ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਜੁਲਾਈ 2018 ਨੂੰ ਅਦਾਲਤ 'ਚ ਚਲਾਨ ਦਾਖ਼ਲ ਕੀਤਾ ਸੀ। 

ਦੱਸਣਯੋਗ ਹੈ ਕਿ 4 ਜੁਲਾਈ 2017 ਨੂੰ ਇਕ ਵਿਦਿਆਰਥਣ (ਗੁੜੀਆ) ਸਕੂਲ ਤੋਂ ਆਉਂਦੇ ਸਮੇਂ ਲਾਪਤਾ ਹੋ ਗਈ ਸੀ। 6 ਜੁਲਾਈ ਨੂੰ ਕੋਟਖਾਈ ਦੇ ਜੰਗਲ 'ਚ ਪੀੜਤਾ ਦੀ ਲਾਸ਼ ਮਿਲੀ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਵਿਦਿਆਰਥਣ ਦੀ ਜਬਰ ਜ਼ਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਕੁੜੀ ਨਾਲ ਦਰਿੰਦਗੀ ਦੀ ਇਸ ਵਾਰਦਾਤ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ। ਲੋਕਾਂ ਨੇ ਉਦੋਂ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸੜਕ 'ਤੇ ਉਤਰ ਕੇ ਅੰਦੋਲਨ ਕੀਤਾ ਸੀ। ਪ੍ਰਦੇਸ਼ ਪੁਲਸ ਦੀ ਐੱਸ.ਆਈ.ਟੀ. ਨੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ। ਇਨ੍ਹਾਂ 'ਚੋਂ ਇਕ ਦੋਸ਼ੀ ਸੂਰਜ ਦੀ ਲਾਕਅੱਪ 'ਚ ਹੱਤਿਆ ਕਰ ਦਿੱਤੀ ਗਈ। ਇਸ ਨਾਲ ਪੁਲਸ 'ਤੇ ਸਬੂਤ ਮਿਟਾਉਣ ਦੇ ਦੋਸ਼ ਲੱਗੇ ਅਤੇ ਲੋਕਾਂ ਦਾ ਗੁੱਸਾ ਪੁਲਸ 'ਤੇ ਵਧ ਗਿਆ ਅਤੇ ਭੀੜ ਨੇ ਕੋਟਖਾਈ ਥਾਣੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। 

ਬਾਅਦ 'ਚ ਇਸ ਮਾਮਲੇ 'ਚ ਇਕ ਨਵਾਂ ਮੋੜ ਆਇਆ ਅਤੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸੀ.ਬੀ.ਆਈ. ਨੇ ਡੀ.ਐੱਨ.ਏ. ਪ੍ਰੀਖਣ ਦੇ ਆਧਾਰ 'ਤੇ ਅਪ੍ਰੈਲ 2018 ਨੂੰ ਨੀਲੂ ਨਾਮੀ ਚਿਰਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਦੌਰਾਨ ਕੋਟਖਾਈ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਸੀ ਅਤੇ ਵੱਡੀ ਗਿਣਤੀ 'ਚ ਚਿਰਾਨੀਆਂ ਦੇ ਬਲੱਡ ਸੈਂਪਲ ਵੀ ਲਏ ਗਏ। ਇਸ ਮਾਮਲੇ 'ਚ ਸੀ.ਬੀ.ਆਈ. ਨੇ 59 ਗਵਾਹਾਂ ਦੇ ਬਿਆਨ ਦਰਜ ਕੀਤੇ।

DIsha

This news is Content Editor DIsha