‘ਆਮ ਜਨਤਾ ਦਾ ਬਜਟ ਵਿਗੜਿਆ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਾਪਸ ਲਵੇ ਸਰਕਾਰ’

01/07/2021 1:54:37 PM

ਨਵੀਂ ਦਿੱਲੀ— ਕਾਂਗਰਸ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ’ਤੇ ਵੀਰਵਾਰ ਯਾਨੀ ਕਿ ਅੱਜ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਜਨਤਾ ਨੂੰ ਲੁੱਟਣ ਦੀ ਨੀਤੀ ਦੱਸਿਆ ਅਤੇ ਕਿਹਾ ਕਿ ਉਸ ਨੂੰ ਲੁੱਟ ਤੰਤਰ ਦੀ ਨੀਤੀ ਬੰਦ ਕਰ ਕੇ ਵਧੀ ਦਰ ਤੁਰੰਤ ਵਾਪਸ ਲੈਣੀ ਚਾਹੀਦਾ ਹੈ। ਕਾਂਗਰਸ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਜਨਤਾ ਨੂੰ ਲੁੱਟਣ ਵਿਚ ਲੱਗੀ ਹੋਈ ਹੈ ਅਤੇ ਉਸ ਨੇ ਅੱਜ ਫਿਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਜਿਸ ਨਾਲ ਦਿੱਲੀ ’ਚ ਪੈਟਰੋਲ 84 ਰੁਪਏ ਅਤੇ ਡੀਜ਼ਲ 64 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।

ਸੁਰਜੇਵਾਲਾ ਨੇ ਅੱਗੇ ਕਿਹਾ ਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਨੂੰ ਵਧਾਇਆ ਹੈ ਅਤੇ ਇਸ ਨਾਲ 19 ਲੱਖ ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਨੇ ਇਸ ਨੂੰ ਖੁੱਲ੍ਹੀ ਲੁੱਟ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਆਬਕਾਰੀ ਡਿਊਟੀ ਦੇ ਰੂਪ ਵਿਚ ਲੁੱਟਿਆ ਇਹ ਪੈਸਾ ਜਨਤਾ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲ ’ਤੇ ਆਬਕਾਰੀ ਡਿਊਟੀ 258 ਫ਼ੀਸਦੀ ਅਤੇ ਡੀਜ਼ਲ ’ਤੇ 230 ਫ਼ੀਸਦੀ ਵਧਾਇਆ ਹੈ, ਜਿਸ ਕਾਰਨ ਪਿਛਲੇ 73 ਸਾਲਾਂ ’ਚ ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ ਹਨ। ਇਸ ਨਾਲ ਆਮ ਲੋਕਾਂ ਦਾ ਬਜਟ ਵਿਗੜਿਆ ਹੈ ਅਤੇ ਸਰਕਾਰ ਨੂੰ ਜਨਤਾ ਨੂੰ ਰਾਹਤ ਦਿੰਦੇ ਹੋਏ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ। 

Tanu

This news is Content Editor Tanu