ਕੈਬ ’ਤੇ ਸਰਕਾਰ ਸਖਤ, ਭੜਕਾਊ ਸਮੱਗਰੀ ਨਾ ਦਿਖਾਉਣ ਟੀ.ਵੀ. ਚੈਨਲ

12/12/2019 6:03:04 PM

ਨਵੀਂ ਦਿੱਲੀ– ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਨਿੱਜੀ ਸੈਟੇਲਾਈਟ ਟੀ.ਵੀ. ਚੈਨਲਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਕੇ ਅਜਿਹੀ ਸਮੱਗਰੀ ਪ੍ਰਸਾਰਣ ਕਰਨ ਨੂੰ ਲੈ ਕੇ ਸਾਵਧਾਨੀ ਵਰਤਣ ਲਈ ਕਿਹਾ ਹੈ, ਜੋ ਹਿੰਸਾ ਭੜਕਾ ਸਕਦੀ ਹੈ। ਮੰਤਰਾਲੇ ਨੇ ਰਾਸ਼ਟਰ ਵਿਰੋਧੀ ਰੁਝਾਨ ਨੂੰ ਉਤਸ਼ਾਹ ਦੇਣ ਵਾਲੀ ਅਤੇ ਦੇਸ਼ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਦੇ ਪ੍ਰਸਾਰਣ ਦੇ ਸੰਬੰਧ ’ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਕੁਝ ਟੀ.ਵੀ. ਚੈਨਲਾਂ ਨੇ ਬੁੱਧਵਾਰ ਨੂੰ ਸੰਸਦ ’ਚ ਪਾਸ ਹੋਏ ਨਾਗਰਿਕਤਾ ਸੋਧ ਬਿੱਲ ਖਿਲਾਫ ਪੂਰਬ-ਉੱਤਰ ’ਚ ਹਿੰਸਾ ਪ੍ਰਦਰਸ਼ਨਾਂ ਦੀ ਫੁਟੇਜ ਪ੍ਰਸਾਰਿਤ ਕੀਤੀ ਜਿਸ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਪੂਰਬ ’ਚ ਕਈ ਮੌਕਿਆਂ ’ਤੇ ਮੰਤਰਾਲੇ ਨੇ ਨਿੱਜੀ ਚੈਨਲਾਂ ਨੂੰ ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995 ਅਤੇ ਉਸ ਤੋਂ ਬਾਅਦ ਬਣੇ ਐਕਟ ਮੁਤਾਬਕ, ਪ੍ਰੋਗਰਾਮ ਅਤੇ ਇਸ਼ਤਿਹਾਰਬਾਜ਼ੀ ਕਾਨੂੰਨ ਦਾ ਸਖਤੀ ਨਾਲ ਪਾਲਨ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। 

ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਸਾਰੇ ਟੀ.ਵੀ. ਚੈਨਲਾਂ ਨੂੰ ਅਜਿਹੀ ਕਿਸੇ ਵੀ ਸਮੱਗਰੀ ਦੇ ਸਬੰਧ ’ਚ ਅਲਰਟ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਹਿੰਸਾ ਭੜਕਾ ਸਕਦੀ ਹੈ ਜਾਂ ਜਿਸ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਖਿਲਾਫ ਕੁਝ ਵੀ ਹੋਵੇ। ਮੰਤਰਾਲੇ ਨੇ ਦੇਸ਼ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਸਮੱਗਰੀ ਖਿਲਾਫ ਵੀ ਸੂਚੇਤ ਕੀਤਾ ਹੈ। ਐਡਵਾਈਜ਼ਰੀ ’ਚ ਚੈਨਲਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਨ ਵਾਲੀ ਕੋਈ ਵੀ ਸਮੱਗਰੀ ਪ੍ਰਸਾਰਿਤ ਨਾ ਹੋਵੇ। ਸਾਰੇ ਨਿੱਜੀ ਚੈਨਲ ਉਪਗ੍ਰਹਿ ਟੀ.ਵੀ. ਚੈਨਲਾਂ ਨੂੰ ਉਪਰ ਦਿੱਤੇ ਗਏ ਨਿਯਮਾਂ ਦਾ ਸਖਤੀ ਨਾਲ ਪਾਲਨ ਕਰਨ ਦੀ ਅਪੀਲ ਕੀਤੀ ਗਈ ਹੈ।