ਗੂਗਲ ਖੋਲ੍ਹੇਗਾ ਨੇਤਾਵਾਂ ਦੀ ਪੋਲ, ਜਨਤਕ ਕਰੇਗਾ ਵਿਗਿਆਪਨਾਂ ਦੇ ਖਰਚੇ

01/22/2019 4:04:56 PM

ਨਵੀਂ ਦਿੱਲੀ — ਦੇਸ਼ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਪਾਰਦਰਸ਼ਿਤਾ ਨੂੰ ਉਤਸ਼ਾਹਿਤ ਕਰਨ ਲਈ ਗੂਗਲ ਆਪਣੇ ਪਲੇਟਫਾਰਮ 'ਤੇ ਸਿਆਸੀ ਵਿਗਿਆਪਨਾਂ ਨਾਲ ਜੁੜੀਆਂ ਸੂਚਨਾਵਾਂ ਜਨਤਕ ਕਰੇਗਾ। ਗੂਗਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਭਾਰਤ 'ਤੇ ਕੇਂਦਰਿਤ ਵਿਗਿਆਪਨ ਰਿਪੋਰਟ ਅਤੇ ਸਿਆਸੀ ਵਿਗਿਆਪਨ ਲਾਇਬ੍ਰੇਰੀ ਜਾਰੀ ਕਰੇਗਾ। ਇਸ ਰਿਪੋਰਟ ਅਤੇ ਲਾਇਬ੍ਰੇਰੀ ਵਿਚ ਲੋਕਾਂ ਨੂੰ ਪੂਰੀ ਜਾਣਕਾਰੀ ਮਿਲੇਗੀ ਕਿ ਕਿਸ ਨੇਤਾ ਨੇ ਗੂਗਲ ਦੇ ਪਲੇਟਫਾਰਮ 'ਤੇ ਕਿੰਨੇ ਸਿਆਸੀ ਵਿਗਿਆਪਨ ਖਰੀਦੇ ਅਤੇ ਕਿੰਨਾ ਰੁਪਿਆ ਖਰਚ ਕੀਤਾ। ਇਹ ਰਿਪੋਰਟ ਅਤੇ ਵਿਗਿਆਪਨ ਲਾਇਬ੍ਰੇਰੀ ਮਾਰਚ ਵਿਚ ਲਾਈਵ ਹੋਵੇਗੀ ਅਤੇ ਇਸ ਨਾਲ ਵੋਟਰਾਂ ਨੂੰ ਚੋਣਾਂ ਨਾਲ ਸੰਬੰਧਿਤ ਜ਼ਰੂਰੀ ਜਾਣਕਾਰੀ ਹਾਸਲ ਕਰਨ 'ਚ ਸਹਾਇਤਾ ਮਿਲੇਗੀ। 

ਵਿਗਿਆਪਨ ਦੇਣ ਲਈ ਚੋਣ ਕਮਿਸ਼ਨ ਕੋਲੋਂ ਲੈਣੀ ਹੋਵੇਗੀ ਆਗਿਆ

ਗੂਗਲ ਨੇ ਭਾਰਤ ਲਈ ਇਲੈਕਸ਼ਨ ਐਡ ਪਾਲਿਸੀ ਨੂੰ ਅਪਡੇਟ ਕੀਤਾ ਹੈ। ਇਸ ਦੇ ਤਹਿਤ ਦੇਸ਼ ਵਿਚ ਚੋਣਾਂ ਨਾਲ ਸੰੰਬੰਧਿਤ ਵਿਗਿਆਪਨ ਚਲਾਉਣ ਵਾਲੀਆਂ ਪਾਰਟੀਆਂ ਨੂੰ Election Commission of India (ECI) ਵਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਦਿਖਾਉਣਾ ਹੋਵੇਗਾ। ਹਰ ਨਵੇਂ ਵਿਗਿਆਪਨ ਲਈ ਨਵਾਂ ਸਰਟੀਫਿਕੇਟ ਦੇਣਾ ਹੋਵੇਗਾ। ਦੂਜੇ ਪਾਸੇ ਗੂਗਲ ਵੀ ਆਪਣੇ ਪਲੇਟਫਾਰਮ 'ਤੇ ਵਿਗਿਆਪਨ ਚਲਾਉਣ ਤੋਂ ਪਹਿਲਾਂ ਗੂਗਲ ਵਿਗਿਆਪਨ ਦੇਣ ਵਾਲਿਆਂ ਦੀ ਪਛਾਣ ਵੈਰੀਫਾਈ ਕਰੇਗਾ। ਵੈਰੀਫਿਕੇਸ਼ਨ ਦੀ ਇਹ ਪ੍ਰਕਿਰਿਆ 14 ਫਰਵਰੀ ਨੂੰ ਸ਼ੁਰੂ ਹੋਵੇਗੀ।

ਆਨਲਾਈਨ ਚੋਣ ਪ੍ਰਚਾਰ ਨੂੰ ਬਣਾਵਾਂਗੇ ਪਾਰਦਰਸ਼ੀ

ਗੂਗਲ ਇੰਡੀਆ ਦੇ ਪਬਲਿਕ ਪਾਲਸੀ ਡਾਇਰੈਕਟਰ ਚੇਤਨ ਕ੍ਰਿਸ਼ਣਾ ਸੁਆਮੀ ਨੇ ਕਿਹਾ,' 2019 'ਚ 85 ਕਰੋੜ ਤੋਂ ਵੀ ਜ਼ਿਆਦਾ ਭਾਰਤੀ ਆਮ ਚੋਣਾਂ ਵਿਚ ਆਪਣੀਆਂ ਵੋਟਾਂ ਪਾਉਣਗੇ। ਇਸ ਲਈ ਅਸੀਂ ਚੋਣਾਂ ਬਾਰੇ ਕਾਫੀ ਸੋਚ ਵਿਚਾਰ ਕਰ ਰਹੇ ਹਾਂ ਅਤੇ ਇਹ ਵੀ ਦੇਖ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਭਾਰਤ ਅਤੇ ਦੁਨੀਆ ਭਰ ਵਿਚ ਗਣਤੰਤਰ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਇਸ ਲੜੀ ਵਿਚ ਅਸੀਂ ਚੋਣਾਂ ਦੇ ਆਨਲਾਈਨ  ਵਿਗਿਆਪਨ 'ਚ ਪਾਰਦਰਸ਼ਿਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਲੋਕਾਂ ਤੱਕ ਜ਼ਰੂਰੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਤਾਂ ਜੋ ਆਮ ਲੋਕ ਬਿਹਤਰ ਤਰੀਕੇ ਨਾਲ ਚੋਣ ਪ੍ਰਕਿਰਿਆ ਨੂੰ ਸਮਝ ਸਕਣ।'