ਭਾਰਤ ਦੀਆਂ 11 ਵਿਦਿਅਕ ਸੰਸਥਾਵਾਂ ਦੀ ਵਿਸ਼ਵ ਪੱਧਰ ’ਤੇ ਬੋਲੀ ਤੂਤੀ

02/19/2020 7:04:09 PM

ਲੰਡਨ — ਟਾਈਮਜ਼ ਯੂਨੀਵਰਸਿਟੀ ਰੈਂਕਿੰਗਜ਼ 'ਚ ਭਾਰਤੀ ਯੂਨੀਵਰਸਿਟੀਆਂ ਨੇ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਆਪਣੇ ਦੇਸ਼ ਦਾ ਨਾਂ ਚਮਕਾਇਆ ਹੈ। ਭਾਰਤੀ ਯੂਨੀਵਰਸਿਟੀਆਂ ਨੇ ਇਸ ਸਾਲ ਵਿਸ਼ਵ ਦੇ ਉਭਰ ਰਹੇ ਅਰਥਚਾਰਿਆਂ ਵਾਲੇ ਦੇਸ਼ਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਅਰਥਚਾਰੇ 'ਚ ਪਸਰੀ ਸੁਸਤੀ ਨੂੰ ਦੂਰ ਕਰਨ ਲਈ ਇਕ ਨਵੀਂ ਉਮੀਦ ਦਿਖਾਈ ਦਿੱਤੀ ਹੈ। ਉੱਭਰ ਰਹੇ ਅਰਥਚਾਰਿਆਂ ਦੀਆਂ ਸਿਖਰਲੀਆਂ 100 ਵਿਦਿਅਕ ਸੰਸਥਾਵਾਂ ਵਿਚ ਇਸ ਸਾਲ ਭਾਰਤ ਦੇ 11 ਅਦਾਰਿਆਂ ਨੇ ਆਪਣੀ ਥਾਂ ਬਣਾਈ ਹੈ।  ਇਹ ਇਕ ਰਿਕਾਰਡ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਇਮਰਜਿੰਗ ਇਕਾਨਮੀਜ਼ ਯੂਨੀਵਰਸਿਟੀ ਰੈਂਕਿੰਗ 2020 ਵਿਚ 47 ਉੱਭਰ ਰਹੀਆਂ ਅਰਥਵਿਵਸਥਾਵਾਂ ਦੇ ਵਿਦਿਅਕ ਅਦਾਰਿਆਂ ਨੂੰ ਵੱਖ-ਵੱਖ ਦਰਜੇ ਦਿੱਤੇ ਗਏ ਹਨ। ਇਸ ਵਿਚ ਚੀਨ ਦੀਆਂ ਸਭ ਤੋਂ ਵਧ 30 ਸੰਸਥਾਵਾਂ ਨੂੰ ਸਥਾਨ ਪ੍ਰਾਪਤ ਹੋਏ ਹਨ।

ਮੰਗਲਵਾਰ ਦੀ ਸ਼ਾਮ ਨੂੰ ਇਥੇ ਜਾਰੀ ਕੀਤੀ ਸੂਚੀ ਅਨੁਸਾਰ 47 ਦੇਸ਼ਾਂ ਦੀਆਂ ਕੁੱਲ 533 ਸੰਸਥਾਵਾਂ ਵਿਚੋਂ ਭਾਰਤ ਦੀਆਂ 56 ਸੰਸਥਾਵਾਂ ਨੂੰ ਥਾਂ ਮਿਲੀ ਹੈ ਅਤੇ ਸਿਖਰ 100 'ਚ ਸਿਰਫ 11 ਸੰਸਥਾਵਾਂ ਹੀ ਆਪਣਾ ਨਾਂ ਦਰਜ ਕਰਵਾਉਣ 'ਚ ਕਾਮਯਾਬ ਹੋ ਸਕੀਆਂ ਹਨ। ਸੂਚੀ ਅਨੁਸਾਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐਸ.ਸੀ.) ਨੂੰ 16 ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਆਈ.ਆਈ.ਟੀ. ਖੜਗਪੁਰ 32 ਵੇਂ, ਆਈ.ਆਈ.ਟੀ. ਦਿੱਲੀ 38 ਵੇਂ ਅਤੇ ਆਈ.ਆਈ.ਟੀ. ਮਦਰਾਸ 63 ਵੇਂ ਸਥਾਨ 'ਤੇ ਹੈ। 



ਆਈ.ਆਈ.ਟੀ. ਖੜਗਪੁਰ 23 ਸਥਾਨ ਦੀ ਛਲਾਂਗ ਲਗਾ ਕੇ 32 ਵੇਂ ਨੰਬਰ 'ਤੇ ਪਹੁੰਚਣ 'ਚ ਕਾਮਯਾਬ ਹੋਈ ਹੈ। ਇਸ ਦੇ ਨਾਲ ਹੀ ਆਈ.ਆਈ.ਟੀ. ਦਿੱਲੀ ਨੇ ਵੀ ਆਪਣੀ ਰੈਂਕਿੰਗ 'ਚ ਸੁਧਾਰ ਕਰਦੇ ਹੋਏ 28 ਸਥਾਨ ਦੀ ਛਾਲ ਮਾਰ ਕੇ 38 ਵਾਂ ਸਥਾਨ ਅਤੇ ਆਈ.ਆਈ.ਟੀ. ਮਦਰਾਸ 12 ਸਥਾਨ ਦੀ ਤੇਜ਼ੀ ਨਾਲ 63 ਵੇਂ ਨੰਬਰ 'ਤੇ ਪਹੁੰਚਣ 'ਚ ਕਾਮਯਾਬੀ ਹਾਸਲ ਕੀਤੀ ਹੈ।

ਆਈ.ਆਈ.ਟੀ. ਰੋਪੜ, ਇੰਸਟੀਚਿਊਟ ਆਫ ਕੈਮੀਕਲ ਟੈਕਨਾਲੋਜੀ ਅਤੇ ਅਮ੍ਰਿਤ ਵਿਸ਼ਵ ਵਿਦਿਆਪੀਠ ਨੂੰ ਪਹਿਲੀ ਵਾਰ ਸਿਖਰਲੇ 100 ਵਿਚ ਸਥਾਨ ਮਿਲਿਆ ਹੈ।ਇਸ ਰੈਂਕਿੰਗ ਦੀ ਸ਼ੁਰੂਆਤ 2014 ਵਿਚ ਹੋਈ ਸੀ। ਉਸ ਤੋਂ ਬਾਅਦ ਇਹ ਸਿਰਫ ਦੂਜਾ ਮੌਕਾ ਹੈ ਜਦੋਂ 11 ਭਾਰਤੀ ਸੰਸਥਾਵਾਂ ਨੂੰ ਟਾਪ 100 ਵਿਚ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਨਤੀਜਿਆਂ ਤੋਂ ਦੇਸ਼ ਨੂੰ ਵੱਡਾ ਲਾਭ ਮਿਲ ਸਕਦਾ ਹੈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਥੇ ਵਿਦੇਸ਼ੀ ਵਿਦਿਆਰਥੀਆਂ ਅਤੇ ਸਟਾਫ ਵਿਚ ਵਾਧਾ ਹੋ ਸਕਦਾ ਹੈ। ਆਨਲਾਈਨ ਕੋਰਸ ਪੇਸ਼ ਕੀਤੇ ਜਾ ਸਕਦੇ ਹਨ ਅਤੇ ਦੁਨੀਆਂ ਦੀਆਂ ਹੋਰ ਯੂਨੀਵਰਸਿਟੀਆਂ ਸਾਂਝੇ ਉੱਦਮ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।