ਮੰਗੇਤਰ ਨਾਲ ਘੁੰਮਣ ਗਈ ਸੀ ਲੜਕੀ, ਵਿਆਹ ਤੋਂ ਪਹਿਲਾਂ ਘਰ ਆਈ ਬੇਟੀ ਦੀ ਲਾਸ਼ (ਤਸਵੀਰਾਂ)

06/24/2017 10:30:29 AM

ਜੈਪੁਰ— ਇੱਥੇ ਵੀਰਵਾਰ ਦੀ ਰਾਤ 8 ਵਜੇ ਰੋਡਵੇਜ਼ ਬੱਸ ਦੀ ਟੱਕਰ ਨਾਲ ਬਾਈਕ ਸਵਾਰ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਮੰਗੇਤਰ ਜ਼ਖਮੀ ਹੋ ਗਿਆ। ਅਨੀਤਾ ਦੇ ਪਿਤਾ ਚੰਦਰ ਪ੍ਰਕਾਸ਼ ਨੇ ਕਿਹਾ ਕਿ ਮੈਂ ਤਾਂ ਵਿਆਹ ਦੀਆਂ ਤਿਆਰੀਆਂ 'ਚ ਲੱਗਾ ਸੀ। ਵਿਆਹ 29 ਨਵੰਬਰ ਨੂੰ ਤੈਅ ਕੀਤਾ ਸੀ। ਜਲਦ ਹੀ ਬੇਟੀ ਲਾੜੀ ਬਣਨ ਵਾਲੀ ਸੀ। ਇਸ ਲਈ ਮੈਂ ਨਸੀਰਾਬਾਦ 'ਚ ਹੋਟਲ, ਗਾਰਡਨ ਬੁੱਕ ਕਰਵਾ ਦਿੱਤੇ ਸਨ। ਆਖਰ ਕਿਸ ਨੂੰ ਪਤਾ ਸੀ ਕਿ ਉਸ ਦੇ ਆਉਣ ਤੋਂ ਪਹਿਲਾਂ ਉਸ ਦੀ ਲਾਸ਼ ਘਰ ਆ ਜਾਵੇਗੀ।ਜਾਣਕਾਰੀ ਅਨੁਸਾਰ ਅਨੀਤਾ ਟੇਕਚੰਦਾਨੀ ਨਸੀਰਾਬਾਦ (ਅਜਮੇਰ) ਦੀ ਸੀ ਅਤੇ ਇੱਥੇ ਮਾਲਵੀਏ ਨਗਰ 'ਚ ਕਿਰਾਏ 'ਤੇ ਰਹਿ ਕੇ ਡਾਇਚੇ ਬੈਂਕ 'ਚ ਨੌਕਰੀ ਕਰਦੀ ਸੀ। ਕਰੀਬ ਇਕ ਸਾਲ ਪਹਿਲਾਂ ਉਸ ਦੀ ਸਗਾਈ ਇਸੇ ਬੈਂਕ 'ਚ ਕੰਮ ਕਰਨ ਵਾਲੇ ਮਾਨਸਰੋਵਰ ਵਾਸੀ ਕਿਸ਼ੋਰ ਨਾਲ ਹੋਇਆ ਸੀ। ਵੀਰਵਾਰ ਨੂੰ ਕਿਸ਼ੋਰ ਅਤੇ ਅਨੀਤਾ ਘੁੰਮਣ ਜਾ ਰਹੇ ਸਨ। ਉਸੇ ਦੌਰਾਨ ਜੋਤੀ ਨਗਰ ਟੀ. ਪੁਆਇੰਟ ਕੋਲ ਪਿੱਛਿਓਂ ਆ ਰਹੀ ਰੋਡਵੇਜ਼ ਬੱਸ ਨੇ ਬਰਾਬਰ 'ਚ ਆ ਕੇ ਟੱਕਰ ਮਾਰ ਦਿੱਤੀ, ਜਿਸ ਨਾਲ ਅਨੀਤਾ ਬੱਸ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ।


ਪੁਲਸ ਨੇ ਅਨੀਤਾ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਦਾ 5 ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ। ਪੁਲਸ ਨੇ ਡਰਾਈਵਰ ਜੋਧਾਰਾਮ ਨੂੰ ਫੜ ਕੇ ਬੱਸ ਜ਼ਬਤ ਕੀਤੀ ਹੈ।