ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

08/26/2022 11:48:44 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪਹਿਲਾਂ ਤੋਂ ਹੀ ਸੰਕਟ 'ਚ ਘਿਰੀ ਕਾਂਗਰਸ ਨੂੰ ਆਜ਼ਾਦ ਦੇ ਅਸਤੀਫ਼ੇ ਨਾਲ ਇਕ ਹੋਰ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਵੀ ਕਈ ਆਗੂ ਪਾਰਟੀ ਛੱਡ ਚੁੱਕੇ ਹਨ। ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 5 ਪੰਨਿਆਂ ਦੇ ਅਸਤੀਫ਼ੇ ਪੱਤਰ ਵਿਚ ਕਿਹਾ ਕਿ ਉਹ 'ਭਾਰੀ ਮਨ' ਨਾਲ ਇਹ ਕਦਮ ਚੁੱਕ ਰਹੇ ਹਨ। ਪਾਰਟੀ 'ਚ ਤਬਦੀਲੀ ਦੀ ਮੰਗ ਕਰਨ ਵਾਲੇ ਜੀ-23 ਸਮੂਹ 'ਚ ਸ਼ਾਮਲ ਆਜ਼ਾਦ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਨੂੰ ਚਲਾ ਰਹੇ ਕੁਝ ਲੋਕਾਂ ਦੁਆਰਾ ਨਿਯੰਤਰਿਤ ਕਾਂਗਰਸ ਨੇ ਭਾਰਤ ਲਈ ਹਿੱਤਕਾਰੀ ਮੁੱਦਿਆਂ ਖ਼ਾਤਿਰ ਲੜਨ ਦੀ ਇੱਛਾ ਸ਼ਕਤੀ ਅਤੇ ਸਮਰੱਥਾ ਗੁਆ ਦਿੱਤੀ ਹੈ। ਉਨ੍ਹਾਂ ਪੱਤਰ ਵਿਚ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ‘ਕਾਂਗਰਸ ਜੋੜੋ ਯਾਤਰਾ’ ਕੱਢਣੀ ਚਾਹੀਦੀ ਸੀ।

ਇਹ ਵੀ ਪੜ੍ਹੋ : ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਕੇਂਦਰ ਕੋਲੋਂ ਮੰਗਿਆ ਜਵਾਬ

ਆਜ਼ਾਦ ਨੇ ਕਿਹਾ ਕਿ ਪਾਰਟੀ ਦੀਆਂ ਕਮਜ਼ੋਰੀਆਂ ਵੱਲ ਧਿਆਨ ਦਿਵਾਉਣ ਲਈ ਚਿੱਠੀ ਲਿਖਣ ਵਾਲੇ 23 ਨੇਤਾਵਾਂ ਨੂੰ ਅਪਸ਼ਬਦ ਕਹੇ ਗਏ, ਉਨ੍ਹਾਂ ਨੂੰ ਅਪਮਾਨਤ ਕੀਤਾ ਗਿਆ। ਕਾਂਗਰਸ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕਿਸੇ ਵੀ ਪੱਧਰ ’ਤੇ ਚੋਣਾਂ ਨਹੀਂ ਕਰਵਾਈਆਂ ਗਈਆਂ। ਆਜ਼ਾਦ ਨੇ ਕਿਹਾ ਕਿ ਕਾਂਗਰਸ ਦੀ ਸਥਿਤੀ ਹੁਣ ਅਜਿਹੀ ਸਥਿਤੀ 'ਤੇ ਪਹੁੰਚ ਗਈ ਹੈ ਜਿੱਥੋਂ ਵਾਪਸ ਨਹੀਂ ਆਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਲੀਡਰਸ਼ਿਪ ਲਈ ਅਸਿੱਧੇ ਤੌਰ 'ਤੇ ਆਪਣੇ ਪ੍ਰਤੀਨਿਧੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਾਰਟੀ ਨਾਲ 'ਵੱਡੇ ਪੈਮਾਨੇ 'ਤੇ ਹੋਏ ਧੋਖੇ' ਲਈ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਏ.ਆਈ.ਸੀ.ਸੀ. ਦੇ ਚੁਣੇ ਹੋਏ ਅਹੁਦਾ ਅਧਿਕਾਰੀਆਂ ਨੂੰ ਏ.ਆਈ.ਸੀ.ਸੀ. ਨੂੰ ਚਲਾਉਣ ਵਾਲੇ ਕੁਝ ਵਿਅਕਤੀਆਂ ਵੱਲੋਂ ਤਿਆਰ ਕੀਤੀਆਂ ਸੂਚੀਆਂ ’ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha