ਗੀਤਾ ਪ੍ਰੈੱਸ ਨਹੀਂ ਲਵੇਗੀ ਪੁਰਸਕਾਰ ਰਾਸ਼ੀ, ਕਿਹਾ-ਸਨਮਾਨ ਸਵੀਕਾਰ, ਦਾਨ ਨਹੀਂ

06/20/2023 5:06:19 PM

ਨਵੀਂ ਦਿੱਲੀ, (ਏਜੰਸੀ)- ਗੋਰਖਪੁਰ ਸਥਿਤ ਪ੍ਰਸਿੱਧ ਗੀਤਾ ਪ੍ਰੈੱਸ ਨੂੰ ਸਾਲ 2021 ਲਈ ਗਾਂਧੀ ਸ਼ਾਂਤੀ ਐਵਾਰਡ ਪ੍ਰਦਾਨ ਕੀਤੇ ਜਾਣ ਦੇ ਐਲਾਨ ’ਤੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਫੈਸਲਾ ਅਸਲ ’ਚ ਇਕ ਮਜ਼ਾਕ ਹੈ ਅਤੇ ਸਾਵਰਕਰ ਅਤੇ ਗੋਡਸੇ ਨੂੰ ਐਵਾਰਡ ਦੇਣ ਵਰਗਾ ਹੈ। ਦੂਜੇ ਪਾਸੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਗੀਤਾ ਪ੍ਰੈੱਸ ਨਾਲ ਇਸ ਲਈ ਨਫਰਤ ਕਰਦੀ ਹੈ, ਕਿਉਂਕਿ ਉਹ ਸਨਾਤਨ ਦਾ ਸੰਦੇਸ਼ ਫੈਲਾਉਂਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਇਸ ਵੱਕਾਰੀ ਐਵਾਰਡ ਨਾਲ ਨਵਾਜਿਆ ਜਾਣਾ ਗੀਤਾ ਪ੍ਰੈੱਸ ਦੇ ਭਗੀਰਥ ਕੰਮਾਂ ਦਾ ਸਨਮਾਨ ਹੈ। ਸ਼ਾਹ ਨੇ ਟਵੀਟ ਕੀਤਾ ਕਿ ਗੀਤਾ ਪ੍ਰੈੱਸ ਨੂੰ ਇਹ ਐਵਾਰਡ ‘ਅਹਿੰਸਾ ਅਤੇ ਹੋਰ ਗਾਂਧੀਵਾਦੀ ਤਰੀਕਿਆਂ ਨਾਲ ਸਮਾਜਿਕ, ਆਰਥਿਕ ਅਤੇ ਸਿਆਸੀ ਤਬਦੀਲੀ ਦੀ ਦਿਸ਼ਾ ’ਚ ‘ਉੱਤਮ ਯੋਗਦਾਨ’ ਲਈ ਦਿੱਤਾ ਜਾਵੇਗਾ। ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਟਵੀਟ ’ਚ ਕਿਹਾ ਕਿ ਭਾਰਤ ਦੇ ਮਾਣਮੱਤੇ ਸਨਾਤਨ ਸੱਭਿਆਚਾਰ ਦੀ ਹਿਫਾਜ਼ਤ ਅਤੇ ਵਾਧੇ ’ਚ ਪਿਛਲੇ 100 ਸਾਲਾਂ ਦਾ ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ। 

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਦੋਸ਼ ਕਿਹੜੇ ਲੋਕ ਲਾ ਰਹੇ ਹਨ ਜੋ ਮੁਸਲਿਮ ਲੀਗ ਨੂੰ ਧਰਮਨਿਰਪੱਖ ਮੰਨਦੇ ਹਨ। ਉਹ ਭੁੱਲ ਗਏ ਕਿ ਮੁਸਲਿਮ ਲੀਗ ਨੇ ਪਾਕਿਸਤਾਨ ਬਣਨ ਦਾ ਸਿਹਰਾ ਲਿਆ ਸੀ ਅਤੇ ਮੁਸਲਿਮ ਲੀਗ ਨੇ ਹੀ ਦੋ ਰਾਸ਼ਟਰ ਦੇ ਸਿੱਧਾਂਤ ਦਾ ਪ੍ਰਚਾਰ ਕੀਤਾ ਸੀ। ਗੀਤਾ ਪ੍ਰੈੱਸ ਨੇ ਵੰਡ ਤਾਂ ਨਹੀਂ ਕੀਤੀ ਜਿਵੇਂ ਮੁਸਲਿਮ ਲੀਗ ਨੇ ਕੀਤੀ। ਇਸ ਤੋਂ ਪਹਿਲਾਂ ਹਿਮੰਤ ਬਿਸਵ ਸਰਮਾ ਨੇ ਕਿਹਾ ਕਿ ਉਹ ਭਾਵੇਂ ਧਰਮ ਤਬਦੀਲੀ ਰੋਕੂ ਕਨੂੰਨ ਨੂੰ ਰੱਦ ਕਰਨਾ ਹੋਵੇ ਜਾਂ ਫਿਰ ਗੀਤਾ ਪ੍ਰੈੱਸ ਦੀ ਆਲੋਚਨਾ ਕਰਨਾ, ਭਾਰਤ ਦੀ ਜਨਤਾ ਨਿਸ਼ਚਿਤ ਰੂਪ ਨਾਲ ਦੁੱਗਣੀ ਸ਼ਕਤੀ ਨਾਲ ਕਾਂਗਰਸ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰੇਗੀ। ਵਿਹਿਪ ਦੇ ਕੇਂਦਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਇਕ ਬਿਆਨ ’ਚ ਕਿਹਾ, ‘‘ਮੈਨੂੰ ਦੁੱਖ ਹੈ ਕਿ ਕਾਂਗਰਸ ਅਜੇ ਤੱਕ ਆਪਣੀ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਨਹੀਂ ਹੋਈ ਹੈ। ਕਾਂਗਰਸ ਵੱਲੋਂ ਇਸ ਦੀ ਤੁਲਣਾ ਗੋਡਸੇ ਨਾਲ ਕਰਨਾ ਸਮੁੱਚੇ ਭਾਰਤੀ ਅਧਿਆਤਮਕ ਸਾਹਿਤ ਦਾ ਅਪਮਾਨ ਕਰਨ ਦੇ ਬਰਾਬਰ ਹੈ।’’

ਗੀਤਾ ਪ੍ਰੈੱਸ ਨਹੀਂ ਲਵੇਗੀ ਪੁਰਸਕਾਰ ਰਾਸ਼ੀ

ਗੋਰਖਪੁਰ ਸਥਿਤ ਧਾਰਮਿਕ ਗ੍ਰੰਥਾਂ ਦੀ ਵਿਸ਼ਵ ਪ੍ਰਸਿੱਧ ਪ੍ਰਕਾਸ਼ਨ ਸੰਸਥਾ ਗੀਤਾ ਪ੍ਰੈੱਸ ਵਲੋਂ ਸੋਮਵਾਰ ਨੂੰ ਕਿਹਾ ਗਿਅਾ ਕਿ ਵੱਕਾਰੀ ‘ਗਾਂਧੀ ਸ਼ਾਂਤੀ ਪੁਰਸਕਾਰ’ ਮਿਲਣਾ ਸਨਮਾਨ ਵਾਲੀ ਗੱਲ ਹੈ ਪਰ ਕਿਸੇ ਤਰ੍ਹਾਂ ਦਾ ਦਾਨ ਸਵੀਕਾਰ ਨਾ ਕਰਨ ਦੇ ਆਪਣੇ ਸਿਧਾਂਤ ਮੁਤਾਬਕ ਪ੍ਰਕਾਸ਼ਨ ਸੰਸਥਾ ਇਕ ਕਰੋੜ ਰੁਪਏ ਦੀ ਨਕਦ ਪੁਰਸਕਾਰ ਰਾਸ਼ੀ ਨੂੰ ਸਵੀਕਾਰ ਨਹੀਂ ਕਰੇਗੀ।

Rakesh

This news is Content Editor Rakesh