ਝਾਰਖੰਡ: ਜਾਗਰੁੱਕਤਾ ਫੈਲਾਉਣ ਗਈਆਂ 5 ਨਾਬਾਲਗ ਬੱਚੀਆਂ ਨਾਲ ਬਦਮਾਸ਼ਾਂ ਨੇ ਕੀਤਾ ਗੈਂਗਰੇਪ

06/22/2018 11:33:45 AM

ਰਾਂਚੀ— ਨਾਬਾਲਗ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਕੇਂਦਰ ਸਰਕਾਰ ਵੱਲੋਂ ਫਾਂਸੀ ਦਾ ਕਾਨੂੰਨ ਬਣਾਏ ਜਾਣ ਦਾ ਅਸਰ ਨਹੀਂ ਦਿੱਖ ਰਿਹਾ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਕ ਜਾਗਰੁੱਕਤਾ ਪ੍ਰੋਗਰਾਮ 'ਚ ਹਿੱਸਾ ਲੈਣ ਗਈਆਂ 5 ਨਾਬਾਲਗ ਬੱਚੀਆਂ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚੀਆਂ ਕਿਸੇ ਐਨ.ਜੀ.ਓ ਨਾਲ ਜੁੜੀਆਂ ਹੋਈਆਂ ਹਨ ਅਤੇ ਘਟਨਾ ਦੇ ਸਮੇਂ ਉਹ ਮਨੁੱਖੀ ਤਸਕਰੀ ਖਿਲਾਫ ਇਕ ਜਨ-ਜਾਗਰੁੱਕਤਾ ਪ੍ਰੋਗਰਾਮ 'ਚ ਹਿੱਸਾ ਲੈਣ ਨਿਕਲੀਆਂ ਸਨ। ਘਟਨਾ 'ਤੇ ਐਨ.ਜੀ.ਓ ਦੇ ਅਧਿਕਾਰੀ ਵੀ ਚੁੱਪ ਬੈਠੇ ਹਨ। ਪੁਲਸ ਨੇ ਦੱਸਿਆ ਕਿ ਘਟਨਾ ਰਾਂਚੀ ਦੇ ਖੁੰਟੀ ਇਲਾਕੇ 'ਚ ਸੋਮਵਾਰ ਨੂੰ ਵਾਪਰੀ। ਮੈਡੀਕਲ 'ਚ ਬੱਚਿਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਬੱਚੀਆਂ ਐਨ.ਜੀ.ਓ ਦੇ ਮੈਬਰਾਂ ਨਾਲ ਅੜਕੀ ਥਾਣਾ ਦੇ ਕੋਚਾਂਗ ਇਲਾਕੇ 'ਚ ਮਨੁੱਖੀ ਤਸਕਰੀ ਖਿਲਾਫ ਜਾਗਰੁੱਕਤਾ ਫੈਲਾਉਣ ਨਿਕਲੀਆਂ ਸਨ। ਇਸ ਦੌਰਾਨ ਕੁਝ ਅਸਮਾਜਿਕ ਤੱਤਾਂ ਨੇ ਐਨ.ਜੀ.ਓ ਦੀ ਪੂਰੀ ਟੀਮ ਨੂੰ ਆਪਣਾ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਐਨ.ਜੀ.ਓ ਦੀ ਕੁਝ ਹੋਰ ਔਰਤ ਮੈਬਰਾਂ ਨਾਲ ਬਦਸਲੂਕੀ ਕੀਤੀ। ਐਨ.ਜੀ.ਓ ਨੇ ਅਗਲੇ ਦਿਨ ਯਾਨੀ ਮੰਗਲਵਾਰ ਨੂੰ ਸਥਾਨਕ ਪੁਲਸ ਤੋਂ ਸ਼ਿਕਾਇਤ ਕੀਤੀ ਪਰ ਪੁਲਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਐਨ.ਜੀ.ਓ ਨੇ ਪੁਲਸ ਦਫਤਰ 'ਚ ਸ਼ਿਕਾਇਤ ਕੀਤੀ। ਉਦੋਂ ਜਾ ਕੇ ਹੋਰ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਦੇ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ। ਮਾਮਲਾ ਪ੍ਰਸ਼ਾਸਨ ਤੱਕ ਪੁੱਜਦੇ ਹੀ ਹੜਕੰਪ ਮਚ ਗਿਆ। ਬੁੱਧਵਾਰ ਨੂੰ ਰਾਂਚੀ ਦੇ ਡਿਪਟੀ ਕਮਿਸ਼ਨਰ ਅਤੇ ਐਸ.ਪੀ ਖੁੰਟੀ ਥਾਣਾ ਪੁੱਜੇ ਅਤੇ ਖੁਦ ਮਾਮਲੇ ਦੀ ਜਾਂਚ ਕੀਤੀ।