ਸ਼ਹੀਦ ਹੌਲਦਾਰ ਪਲਾਨੀ ਨੂੰ ਫ਼ੌਜੀ ਸਨਮਾਨ ਨਾਲ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

06/18/2020 2:22:44 PM

ਰਾਮਨਾਥਪੁਰਮ (ਤਾਮਿਲਨਾਡੂ)— ਪੂਰਬੀ ਲੱਦਾਖ ਵਿਚ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ 'ਚ ਸ਼ਹੀਦ ਹੋਏ ਹੌਲਦਾਰ ਕੇ. ਪਲਾਨੀ ਦਾ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਵੀਰਵਾਰ ਭਾਵ ਅੱਜ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਲਾਨੀ ਦੇ ਮਰਹੂਮ ਸਰੀਰ ਨੂੰ ਕਡਾਕਕਾਲੁਰ ਪਿੰਡ 'ਚ ਦਫਨਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ। ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਫ਼ੌਜੀ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

ਹਥਿਆਰਬੰਦ ਫੋਰਸ ਦੇ ਅਧਿਕਾਰੀਆਂ, ਜ਼ਿਲਾ ਅਧਿਕਾਰੀ, ਪੁਲਸ ਮੁਲਾਜ਼ਮਾਂ ਅਤੇ ਜਨ ਪ੍ਰਤੀਨਿਧੀਆਂ ਨੇ ਪਲਾਨੀ ਦੇ ਮਰਹੂਮ ਸਰੀਰ ਵਾਲੇ ਤਾਬੂਤ 'ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਧਿਕਾਰੀਆਂ ਨੇ ਤਿਰੰਗੇ ਨਾਲ ਲਿਪਟਿਆ ਤਾਬੂਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ, ਜਿਸ ਤੋਂ ਬਾਅਦ ਤਾਬੂਤ ਨੂੰ ਦਫਨਾਇਆ ਗਿਆ। ਜ਼ਿਲਾ ਅਧਿਕਾਰੀ ਕੇ. ਵੀਰਾ ਰਾਘਵ ਨੇ ਪਲਾਨੀ ਨੂੰ ਸ਼ਰਧਾਂਜਲੀ ਦਿੱਤੀ ਅਤੇ 20 ਲੱਖ ਰੁਪਏ ਦਾ ਚੈਕ ਪਰਿਵਾਰ ਨੂੰ ਸੌਂਪਿਆ। 

ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨੇ ਪਲਾਨੀ ਦੇ ਪਰਿਵਾਰ ਨੂੰ ਇਹ ਰਕਮ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸੋਮਵਾਰ 15 ਜੂਨ ਦੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ ਭਾਰਤੀ ਫ਼ੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਹਨ।

Tanu

This news is Content Editor Tanu