ਕਸ਼ਮੀਰ ਵਿਚ ਤਾਜ਼ਾ ਬਰਫਬਾਰੀ, ਉਡਾਣਾਂ ਪ੍ਰਭਾਵਿਤ

02/03/2021 9:20:20 PM

ਸ਼੍ਰੀਨਗਰ (ਭਾਸ਼ਾ)- ਕਸ਼ਮੀਰ ਵਾਦੀ ਦੇ ਵਧੇਰੇ ਹਿੱਸਿਆਂ ਵਿਚ ਬੁੱਧਵਾਰ ਬਰਫਬਾਰੀ ਹੋਈ ਜਿਸ ਕਾਰਣ ਉਥੇ ਘੱਟੋ-ਘੱਟ ਤਾਪਮਾਨ ਕੁਝ ਸੁਧਰ ਗਿਆ ਅਤੇ ਲੋਕਾਂ ਨੂੰ ਤਿੱਖੀ ਸੀਤ ਲਹਿਰ ਤੋਂ ਰਾਹਤ ਮਿਲੀ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਵੇਲੇ ਸ਼ੁਰੂ ਹੋਈ ਬਰਫਬਾਰੀ ਬੁੱਧਵਾਰ ਰਾਤ ਆਖਰੀ ਖਬਰਾਂ ਆਉਣ ਵੇਲੇ ਤੱਕ ਰੁਕ-ਰੁਕ ਕੇ ਜਾਰੀ ਸੀ। ਬਰਫਬਾਰੀ ਕਾਰਣ ਸ਼੍ਰੀਨਗਰ ਹਵਾਈ ਅੱਡੇ 'ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਕੁਝ ਉਡਾਣਾਂ ਮਿੱਥੇ ਸਮੇਂ 'ਤੇ ਨਹੀਂ ਜਾ ਸਕੀਆਂ। ਬਾਅਦ ਦੁਪਹਿਰ ਦ੍ਰਿਸ਼ਟਤਾ ਵਿਚ ਕੁਝ ਸੁਧਾਰ ਹੋਣ ਪਿੱਛੋਂ ਅਤੇ ਹਵਾਈ ਪੱਟੀ ਤੋਂ ਬਰਫ ਹਟਾਏ ਜਾਣ ਪਿੱਛੋਂ ਉਡਾਣਾਂ ਸ਼ੁਰੂ ਹੋ ਗਈਆਂ।


ਉੱਤਰੀ ਕਸ਼ਮੀਰ ਦੇ ਪ੍ਰਸਿੱਧ ਸੈਲਾਨੀ ਕੇਂਦਰ ਗੁਲਮਰਗ ਵਿਖੇ ਲਗਭਗ 6 ਇੰਚ, ਕੁਪਵਾੜਾ ਵਿਖੇ 3 ਇੰਚ ਅਤੇ ਸ਼੍ਰੀਨਗਰ ਤੇ ਨਾਲ ਲੱਗਦੇ ਇਲਾਕਿਆਂ ਵਿਚ ਹਲਕੀ ਬਰਫਬਾਰੀ ਹੋਈ। ਸ਼੍ਰੀਨਗਰ ਵਿਚ ਮੰਗਲਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਸੀ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਖੇ ਇਹ ਤਾਪਮਾਨ ਮਨਫੀ 3.9 ਸੀ। ਗੁਲਮਰਗ ਵਿਖੇ ਮਨਫੀ 5.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਵੀਰਵਾਰ ਵੀ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਵਰਖਾ ਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। 


ਬੁੱਧਵਾਰ ਨੂੰ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਹਲਕੀ ਵਰਖਾ ਹੋਈ। ਸਵੇਰ ਵੇਲੇ ਅਸਮਾਨ ਵਿਚ ਬੱਦਲ ਛਾ ਗਏ ਅਤੇ ਕਈ ਥਾਵਾਂ 'ਤੇ ਬੂੰਦਾ-ਬਾਂਦੀ ਹੋਈ। ਸ਼ਾਮ ਨੂੰ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਹਲਕੀ ਵਰਖਾ ਹੋਈ। ਰਾਤ ਦੇਰ ਗਏ ਤੱਕ ਕਈ ਥਾਈਂ ਮੀਂਹ ਪੈ ਰਿਹਾ ਸੀ। ਮੌਸਮ ਵਿਭਾਗ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਵੀ ਪੰਜਾਬ ਵਿਚ ਮੀਂਹ ਪੈਣ ਦੀ ਉਮੀਦ ਪ੍ਰਗਟਾਈ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh