ਅਮਰੀਕਾ ਦੀ ਇਸ ਯੂਨੀਵਰਸਿਟੀ ''ਚ ਫ੍ਰੀ ''ਚ ਲਾਓ ਹਿੰਦੀ ਦੀਆਂ ਕਲਾਸਾਂ

08/11/2019 10:53:35 PM

ਵਾਸ਼ਿੰਗਟਨ - ਅਮਰੀਕਾ 'ਚ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਇਥੇ ਸਥਿਤ ਭਾਰਤੀ ਦੂਤਘਰ ਲੋਕਾਂ ਦੀ ਮੰਗ 'ਤੇ ਵੱਕਾਰੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ 'ਚ ਵਿਦਿਆਰਥੀਆਂ ਲਈ ਫ੍ਰੀ 'ਚ ਹਿੰਦੀ ਦੀਆਂ ਕਲਾਸਾਂ ਸ਼ੁਰੂ ਕਰੇਗਾ। 6 ਹਫਤੇ ਦਾ ਗੈਰ ਕ੍ਰੇਡਿਟ ਹਿੰਦੀ ਭਾਸ਼ਾ ਦਾ ਸ਼ੁਰੂਆਤੀ ਕੋਰਸ 28 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਦੂਤਘਰ 'ਚ ਭਾਰਤੀ ਸੱਭਿਆਚਾਰ ਵਿਸ਼ੇ ਦੇ ਅਧਿਆਪਕ ਡਾ. ਮੋਕਸਰਾਜ ਵਿਦਿਆਰਥੀਆਂ ਨੂੰ ਪੜਾਉਣਗੇ। ਇਸ ਸਾਲ ਦੀ ਸ਼ੁਰੂਆਤ 'ਚ ਦੂਤਘਰ ਨੇ ਆਪਣੀ ਇਮਾਰਤ 'ਚ ਇਕ ਘੰਟੇ ਲਈ ਫ੍ਰੀ 'ਚ ਹਫਤਾ ਭਰ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਸਨ।

ਇਸ ਕੋਰਸ ਨੂੰ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਅਤੇ ਬਹੁਤ ਘੱਟ ਸਮੇਂ 'ਚ 7 ਦੇਸ਼ਾਂ ਦੇ 87 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਾਇਆ। ਯੂਨੀਵਰਸਿਟੀ ਸਥਿਤ ਸਿਗੁਰ ਸੈਂਟਰ ਫਾਰ ਏਸ਼ੀਅਨ ਸਟੱਡੀਜ਼ ਦੇ ਨਿਦੇਸ਼ਕ ਬੇਂਜ਼ਾਮਿਨ ਡੀ ਹਾਪਕਿੰਸ ਅਤੇ ਐਸੋਸੀਏਟ ਨਿਦੇਸ਼ਕ ਦੀਪਾ ਐੱਮ ਉੱਲਾਪੱਲੀ ਨੇ ਹਾਲ ਹੀ 'ਚ ਅਮਰੀਕਾ ਸਥਿਤ ਭਾਰਤੀ ਰਾਜਦੂਤ ਨੂੰ ਲਿੱਖੀ ਚਿੱਠੀ 'ਚ ਕਿਹਾ ਸੀ, ਇਹ ਸੰਕੇਤ ਕਰਦਾ ਹੈ ਕਿ ਵਿਦਿਆਰਥੀਆਂ 'ਚ ਹਿੰਦੀ ਭਾਸ਼ਾ ਪੜ੍ਹਣ ਲਈ ਜ਼ਿਆਦਾ ਰੂਚੀ ਹੈ। ਇਸ ਨੇ ਸਾਨੂੰ ਸਫਲਤਾਪੂਰਵਕ ਸ਼ੁਰੂਆਤੀ ਕੋਰਸ ਬਣਾਉਣ ਲਈ ਉਤਸ਼ਾਹਿਤ ਕੀਤਾ। ਇਸ ਸ਼ੁਰੂਆਤੀ ਹਿੰਦੀ ਭਾਸ਼ਾ ਕੋਰਸ 'ਚ ਵਿਦਿਆਰਥੀ ਭਾਸ਼ਾ ਦੇ ਵੱਖ-ਵੱਖ ਪਹਿਲੂਆਂ ਨੂੰ ਜਾਨਣਗੇ। ਉਹ ਹਿੰਦੀ ਭਾਸ਼ਾ ਬੋਲਣਾ ਵੀ ਸਿੱਖਣਗੇ।

Khushdeep Jassi

This news is Content Editor Khushdeep Jassi