ਫਰਾਂਸ 'ਚ ਮੋਦੀ ਨੇ ਕੀਤਾ ਸੰਬੋਧਨ, ਲੱਗੇ ਮੋਦੀ-ਮੋਦੀ ਦੇ ਨਾਅਰੇ (ਵੀਡੀਓ)

08/23/2019 3:47:49 PM

ਪੈਰਿਸ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੀ ਯਾਤਰਾ ਦੇ ਦੂਜੇ ਦਿਨ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ। ਯੂਨੇਸਕੋ ਦਫਤਰ ਪੁੱਜਣ ਮਗਰੋਂ ਮੋਦੀ ਨੇ ਡਾਇਰਕੈਟਰ ਜਨਰਲ ਆਡਰੇ ਅਜੁਲੇ ਨਾਲ ਮੁਲਾਕਾਤ ਕੀਤੀ। ਪੀ.ਐੱਮ. ਮੋਦੀ ਦੇ ਹਾਲ ਵਿਚ ਪਹੁੰਚਦੇ ਹੀ ਉੱਥੇ ਮੌਜੂਦ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਏ। ਮੋਦੀ ਨੇ ਉੱਠ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਆਪਣੇ ਸੰਬੋਧਨ ਤੋਂ ਪਹਿਲਾਂ ਰਾਸ਼ਟਰੀ ਗੀਤ ਲਈ ਖੜ੍ਹੇ ਹੋਣ ਦੀ ਅਪੀਲ ਕੀਤੀ। 

 

ਸੰਬੋਧਨ ਤੋਂ ਪਹਿਲਾਂ ਮੋਦੀ ਨੇ ਇੱਥੇ 1950 ਅਤੇ 1960 ਦੇ ਇਕ ਸਮਾਰਕ ਦਾ ਉਦਘਾਟਨ ਕੀਤਾ। ਇਹ ਸਮਾਰਕ ਏਅਰ ਇੰਡੀਆ ਦੇ ਦੋ ਹਾਦਸਾਗ੍ਰਸਤ ਜਹਾਜ਼ਾਂ ਦੀ ਯਾਦ ਵਿਚ ਬਣਾਇਆ ਗਿਆ ਹੈ। ਇਸੇ ਜਹਾਜ਼ ਹਾਦਸੇ ਵਿਚ ਜਹਾਂਗੀਰ ਭਾਭਾ ਦੀ ਮੌਤ ਹੋਈ ਸੀ। ਇਸ ਸਮਾਰਕ ਦਾ ਉਦਘਾਟਨ ਪੀ.ਐੱਮ ਮੋਦੀ ਦੇ ਹੱਥੋਂ ਹੋਇਆ ਹੈ।

ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਲੋਕਾਂ ਵਿਚ ਅਟੁੱਟ ਦੋਸਤੀ ਹੈ। ਅਜਿਹਾ ਕੋਈ ਮੌਕਾ ਨਹੀਂ ਹੈ ਜਦੋਂ ਦੋਹਾਂ ਦੇਸ਼ਾਂ ਦੇ ਲੋਕਾਂ ਨੇ ਇਕ-ਦੂਜੇ ਦਾ ਸਮਰਥਨ ਨਾ ਕੀਤਾ ਹੋਵੇ ਅਤੇ ਸਾਥ ਨਾ ਦਿੱਤਾ ਹੋਵੇ। ਦੋਸਤੋ, ਅੱਜ ਦਾ ਦਿਨ ਭਾਰਤ-ਫਰਾਂਸ ਦੀ ਦੋਸਤੀ ਦੇ ਨਾਮ ਹੈ। ਹਰ ਸਥਿਤੀ ਵਿਚ ਇਕ-ਦੂਜੇ ਦਾ ਸਾਥ ਦੇਣਾ ਦੋਸਤੀ ਹੈ। ਫਰਾਂਸ ਦੀ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਦੀ ਗਿਣਤੀ ਜਿੰਨੀ ਫਰਾਂਸ ਵਿਚ ਹੈ ਉਸ ਤੋਂ ਕਿਤੇ ਜ਼ਿਆਦਾ ਭਾਰਤ ਵਿਚ ਹੈ। ਜਦੋਂ ਫਰਾਂਸ ਨੇ ਫੁੱਟਬਾਲ ਵਿਚ ਵਿਸ਼ਵ ਕੱਪ ਜਿੱਤਿਆ ਸੀ ਤਾਂ ਭਾਰਤ ਵਿਚ ਫਰਾਂਸ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। ਇਸੇ ਤਰ੍ਹਾਂ ਦੁੱਖ ਦੀ ਘੜੀ ਵਿਚ ਵੀ ਭਾਰਤ ਅਤੇ ਫਰਾਂਸ ਇਕੱਠੇ ਖੜ੍ਹੇ ਰਹੇ। 

ਮੋਦੀ ਨੇ ਕਿਹਾ,''ਆਮਤੌਰ 'ਤੇ ਨੇਤਾਵਾਂ ਨੂੰ ਵਾਅਦਾ ਭੁਲਾਉਣ ਵਿਚ ਮਜ਼ਾ ਆਉਂਦਾ ਹੈ ਪਰ ਮੈਂ ਉਸ ਬਿਰਾਦਰੀ ਤੋਂ ਨਹੀਂ ਹਾਂ। ਮੈਂ ਖੁਦ ਵਾਅਦਾ ਯਾਦ ਕਰਵਾ ਰਿਹਾ ਹਾਂ। 4 ਸਾਲ ਪਹਿਲਾਂ ਮੈਂ ਕਿਹਾ ਸੀ ਕਿ ਭਾਰਤ ਉਮੀਦਾਂ ਅਤੇ ਇੱਛਾਵਾਂ ਦੇ ਨਾਲ ਨਿਕਲਣ ਵਾਲਾ ਹੈ। ਅੱਜ ਅਸੀਂ ਉਸੇ ਸਫਰ 'ਤੇ ਨਿਕਲ ਚੁੱਕੇ ਹਾਂ ਅਤੇ 130 ਕਰੋੜ ਭਾਰਤੀਆਂ ਦੀਆਂ ਸਮੂਹਿਕ ਕੋਸ਼ਿਸ਼ਾਂ ਨਾਲ ਭਾਰਤ ਤੇਜ਼ ਗਤੀ ਨਾਲ ਵਿਕਾਸ ਦੇ ਰਸਤੇ 'ਤੇ ਅੱਗੇ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਫਿਰ ਦੇਸ਼ਵਾਸੀਆਂ ਨੇ ਪਹਿਲਾਂ ਨਾਲੋਂ ਪ੍ਰਚੰਡ ਜਨਾਦੇਸ਼ ਦੇ ਕੇ ਸਾਡੀ ਇਸ ਸਰਕਾਰ ਨੂੰ ਸਮਰਥਨ ਦਿੱਤਾ ਹੈ। ਫਿਰ ਇਕ ਵਾਰ ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।''

ਮੋਦੀ ਨੇ ਅੱਗੇ ਕਿਹਾ,''ਇਹ ਜਨਾਦੇਸ਼ ਸਿਰਫ ਸਰਕਾਰ ਚਲਾਉਣ ਲਈ ਨਹੀਂ ਹੈ ਸਗੋਂ ਨਵੇਂ ਭਾਰਤ ਦੇ ਨਿਰਮਾਣ ਲਈ ਹੈ। ਇਕ ਅਜਿਹਾ ਨਵਾਂ ਭਾਰਤ ਜਿਸ ਦੀ ਖੁਸ਼ਹਾਲ ਸੱਭਿਅਤਾ ਅਤੇ ਸੱਭਿਆਚਾਰ 'ਤੇ ਦੁਨੀਆ ਨੂੰ ਮਾਣ ਹੋਵੇ। ਅਜਿਹਾ ਨਵਾਂ ਭਾਰਤ 'ਇਜ਼ ਆਫ ਡੁਇੰਗ' ਬਿਜ਼ਨੈੱਸ 'ਤੇ ਹੋਵੇ ਅਤੇ ਜੋ 'ਇਜ਼ ਆਫ ਲਿਵਿੰਗ' 'ਤੇ ਵੀ ਕਦਮ ਚੁੱਕੇ। ਸਾਡੀ ਸਰਕਾਰ ਨੇ ਤਿੰਨ ਤਲਾਕ ਨੂੰ ਖਤਮ ਕੀਤਾ। ਨਵੇਂ ਭਾਰਤ ਵਿਚ ਰੁੱਕਣ ਦਾ ਸਵਾਲ ਹੀ ਨਹੀਂ ਹੈ।'' ਮੋਦੀ ਨੇ ਸੰਬੋਧਨ ਦੌਰਾਨ ਉਨ੍ਹਾਂ ਗਾਈਡਸ ਅਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਏਅਰ ਇੰਡੀਆ ਦੇ ਜਹਾਜ਼ ਕਰੈਸ਼ ਹੋਣ ਦੇ ਬਾਅਦ ਉਨ੍ਹਾਂ ਦੇ ਮਲਬੇ ਨੂੰ ਲੱਭਣ ਵਿਚ ਮਦਦ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਇਸ ਮੈਮੋਰੀਅਲ ਨੂੰ ਬਣਾਈ ਰੱਖਣ ਲਈ ਫਰਾਂਸ ਦੀ ਸਰਕਾਰ ਅਤੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ।

ਮੋਦੀ ਨੇ ਅੱਗੇ ਬੋਲਦਿਆਂ ਕਿਹਾ,''ਭਾਰਤ ਵਿਚ ਪਿਛਲੇ 5 ਸਾਲਾਂ ਵਿਚ ਬਹੁਤ ਸਾਰੀਆਂ ਸਕਰਾਤਮਕ ਤਬਦੀਲੀਆਂ ਹੋਈਆਂ ਹਨ। ਇਸ ਵਿਚ ਭਾਰਤ ਦੇ ਨੌਜਵਾਨ, ਕਿਸਾਨ, ਗਰੀਬ, ਨਾਰੀ ਸ਼ਕਤੀ ਉਸ ਦੇ ਕੇਂਦਰ ਰਹੇ। ਫਰਾਂਸ ਵਿਚ ਲੋਕ ਗੋਲ ਦਾ ਮਹੱਤਵ ਚੰਗੀ ਤਰ੍ਹਾਂ ਸਮਝਦੇ ਹਨ। ਅਸੀਂ ਪਿਛਲੇ 5 ਸਾਲਾਂ ਵਿਚ ਅਸੰਭਵ ਮੰਨੇ ਜਾਣ ਵਾਲੇ ਕੋਈ ਗੋਲ ਕੀਤੇ ਹਨ। ਅਸੀਂ ਰਿਕਾਰਡ ਬੈਂਕ ਖਾਤੇ ਖੋਲ੍ਹੇ ਹਨ। ਜੇਕਰ ਇਕ ਤੈਅ ਸਮੇਂ ਵਿਚ ਸਭ ਤੋਂ ਜ਼ਿਆਦਾ ਬੈਂਕ ਖਾਤੇ ਖੁੱਲ੍ਹੇ ਹਨ ਤਾਂ ਉਹ ਭਾਰਤ ਵਿਚ ਖੁੱਲ੍ਹੇ ਹਨ। ਸਭ ਤੋਂ ਵੱਡੀ ਹੈਲਥ ਸਕੀਮ ਕਿਸੇ ਦੇਸ਼ ਵਿਚ ਚੱਲ ਰਹੀ ਹੈ ਤਾਂ ਉਹ ਭਾਰਤ ਵਿਚ ਚੱਲ ਰਹੀ ਹੈ। ਅਮਰੀਕਾ, ਮੈਕਸੀਕੋ, ਕੈਨੇਡਾ ਦੀ ਆਬਾਦੀ ਤੋਂ ਜ਼ਿਆਦਾ ਲੋਕ ਇਸ ਸਕੀਮ ਦੇ ਲਾਭ ਲੈਣ ਵਾਲੇ ਹਨ।''

ਆਪਣੇ ਸੰਬੋਧਨ ਦੇ ਅਖੀਰ ਵਿਚ ਮੋਦੀ ਨੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਪਰ ਇਸ਼ਾਰਿਆਂ ਵਿਚ ਆਪਣੀ ਗੱਲ ਜਨਤਾ ਨੂੰ ਕਹੀ। ਮੋਦੀ ਨੇ ਕਿਹਾ,''ਹੁਣ ਭਾਰਤ ਵਿਚ ਟੇਂਪਰੇਰੀ (ਅਸਥਾਈ) ਲਈ ਵਿਵਸਥਾ ਨਹੀਂ ਹੈ। ਤੁਸੀਂ ਦੇਖਿਆ ਹੋਵੇਗਾ ਕਿ 125 ਕਰੋੜ ਲੋਕਾਂ ਦਾ ਦੇਸ਼, ਗਾਂਧੀ ਅਤੇ ਬੁੱਧ ਦੀ ਧਰਤੀ, ਰਾਮ-ਕ੍ਰਿਸ਼ਨ ਦੀ ਜਨਮ ਭੂਮੀ ਤੋਂ ਟੇਂਪਰੇਰੀ ਨੂੰ ਕੱਢਦਿਆਂ 70 ਸਾਲ ਲੰਘ ਗਏ। ਇਸ ਬਾਰੇ ਵਿਚ ਮੈਨੂੰ ਸਮਝ ਨਹੀਂ ਆਉਂਦਾ ਕਿ ਹੱਸਣਾ ਹੈ ਜਾਂ ਰੋਣਾ।'' ਮੋਦੀ ਨੇ ਕਿਹਾ ਕਿ ਸਾਥਿਓ, ਰਿਫੌਰਮ-ਟਰਾਂਸਫੋਰਮ ਅਤੇ ਪਰਮਾਨੈਂਟ ਵਿਵਸਥਾਵਾਂ ਦੇ ਨਾਲ ਦੇਸ਼ ਅੱਗੇ ਵੱਧ ਰਿਹਾ ਹੈ।

ਪੀ.ਐੱਮ. ਮੋਦੀ ਨੇ ਲੋਕਾਂ ਨੂੰ ਜਨਮ ਅਸ਼ਟਮੀ ਦੀ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਗਣਪਤੀ ਮਹਾਉਤਸਵ ਪੈਰਿਸ ਦੇ ਕਲਚਰਲ ਕੈਲੰਡਰ ਦੀ ਮੁੱਖ ਵਿਸ਼ੇਸ਼ਤਾ  ਬਣ ਗਿਆ ਹੈ। ਅੱਜ ਤੋਂ ਕੁਝ ਦਿਨਾਂ ਬਾਅਦ ਲੋਕ ਇੱਥੇ ਗਣੇਸ਼ ਚਤੁਰਥੀ ਮਨਾਉਣਗੇ ਅਤੇ ਪੈਰਿਸ ਦੀਆਂ ਸੜਕਾਂ ਗਣਪਤੀ ਮੋਰਯਾ ਨਾਲ ਗੂੰਜਣਗੀਆਂ। ਸੰਬੋਧਨ ਦੇ ਅਖੀਰ ਵਿਚ ਮੋਦੀ ਨੇ ਫਰਾਂਸ ਵਿਚ ਰਹਿੰਦੇ ਭਾਰਤੀਆਂ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। 

Vandana

This news is Content Editor Vandana