ਫਰਾਂਸ ਭਾਰਤੀ ਵਿਦਿਆਰਥੀਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਵਚਨਬੱਧ : ਫਰਾਂਸੀਸੀ ਰਾਜਦੂਤ

07/22/2020 8:50:36 PM

ਨਵੀਂ ਦਿੱਲੀ- ਭਾਰਤ ਵਿਚ ਨਿਯੁਕਤ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕੋਰੋਨਾ ਵਾਇਰਸ ਮਹਾਮਾਰੀ ਖਤਮ ਹੋਣ ਤੋਂ ਬਾਅਦ ਵੀਜ਼ਾ ਸ਼ੁਰੂ ਕੀਤਾ ਜਾਵੇਗਾ। 

ਫਰਾਂਸੀਸੀ ਦੂਤਘਰ ਵਲੋਂ 'ਫਰੈਂਚ - ਭਵਿੱਖ ਦੀ ਭਾਸ਼ਾ' ਵਿਸ਼ੇ 'ਤੇ ਫਰਾਂਸ ਅੰਬੈਸੀ ਵਲੋਂ ਆਯੋਜਿਤ ਇਕ ਵੈੱਬ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਕੋਵਿਡ -19 ਤੋਂ ਪਹਿਲਾਂ ਅਸੀਂ ਉੱਚ ਸਿੱਖਿਆ ਲਈ ਭਾਰਤ ਤੋਂ ਫਰਾਂਸ ਜਾਣ ਵਾਲੇ 10,000 ਦੀ ਗਿਣਤੀ ਦਾ ਰਿਕਾਰਡ ਬਣਾਇਆ ਸੀ ਅਤੇ ਅਸੀਂ ਕੋਵਿਡ -19 ਸੰਕਟ ਖਤਮ ਹੋਣ ਤੋਂ ਬਾਅਦ ਕਈ ਹੋਰ ਰਿਕਾਰਡ ਬਣਾਉਣ ਲਈ ਵਚਨਬੱਧ ਹਾਂ। ਭਾਰਤੀ ਵਿਦਿਆਰਥੀਆਂ ਦਾ ਸਵਾਗਤ ਹੈ ਅਤੇ ਅਗਲੇ ਸਾਲ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਭਾਰਤ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਫਰਾਂਸ ਪੜ੍ਹਨ ਲਈ ਜਾਣਗੇ। ਜੋ ਵੀ ਜ਼ਰੂਰੀ ਹੋਵੇਗਾ ਅਸੀਂ ਕਰਾਂਗੇ। ਇਸ ਦਾ ਅਰਥ ਹੈ ਕਿ ਸ਼ੁਰੂਆਤ ਵਿਚ ਆਨਲਾਈਨ ਪੜ੍ਹਾਈ ਦੇ ਕੁਝ ਹਫ਼ਤੇ ਹੋਣਗੇ, ਅਸੀਂ ਅਜਿਹਾ ਕਰਾਂਗੇ ਪਰ ਮੈਨੂੰ ਬਹੁਤ ਵਿਸ਼ਵਾਸ ਹੈ ਕਿ ਆਨਸਾਈਟ (ਫਰਾਂਸ ਵਿੱਚ) ਦੀ ਸਿੱਖਿਆ ਬਹੁਤ ਜਲਦੀ ਬਹਾਲ ਹੋ ਜਾਵੇਗੀ।"  

ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਭਰੋਸਾ ਹੈ ਕਿ ਬਹੁਤ ਜਲਦੀ ਅਸੀਂ ਭਾਰਤ ਦੇ ਦੋਸਤਾਂ ਲਈ ਵੀਜ਼ਾ ਜਾਰੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ 6 ਲੱਖ ਤੋਂ ਵੱਧ ਵਿਦਿਆਰਥੀ 6,000 ਅਧਿਆਪਕਾਂ ਤੋਂ ਫ੍ਰੈਂਚ ਸਿੱਖ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਸਾਂਝਾ ਇਤਿਹਾਸ ਹੈ।

Sanjeev

This news is Content Editor Sanjeev