ਜੰਮੂ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ''ਚ ਬਣਨਗੇ ਚਾਰ ਨਵੇਂ ਉਦਯੋਗਿਕ ਐਸਟੇਟ

11/26/2023 2:39:34 PM

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ 'ਚ ਹੋਈ ਪ੍ਰਸ਼ਾਸਨਿਕ ਪ੍ਰੀਸ਼ਦ (ਏਸੀ) ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਚਾਰ ਨਵੇਂ ਉਦਯੋਗਿਕ ਐਸਟੇਟ ਦੀ ਸਥਾਪਨਾ ਲਈ ਪ੍ਰਸ਼ਾਸਨਿਕ ਮਨਜ਼ੂਰੀ ਦੇ ਦਿੱਤੀ। ਅਧਿਕਾਰਤ ਸੂਤਰਾਂ ਅਨੁਸਾਰ ਇਨ੍ਹਾਂ 'ਚ ਬੂਢੀ ਕਠੁਆ, ਮੈਡੀਸਿਟੀ ਜੰਮੂ, ਚੰਦਗਾਮ ਅਤੇ ਲੇਲਹਰ ਪੁਲਵਾਮਾ 'ਚ ਉਦਯੋਗਿਕ ਐਸਟੇਟ ਸ਼ਾਮਲ ਹਨ, ਜਿਨ੍ਹਾਂ ਨੂੰ 136.65 ਕਰੋੜ ਰੁਪਏ ਦੇ ਨਿਵੇਸ਼ ਨਾਲ 1,379 ਕਨਾਲ ਜ਼ਮੀਨ 'ਤੇ ਵਿਕਸਿਤ ਕੀਤਾ ਜਾਵੇਗਾ। ਨਿਵੇਸ਼ ਆਕਰਸ਼ਿਤ ਕਰਨ ਤੋਂ ਇਲਾਵਾ ਇਹ ਪ੍ਰਾਜੈਕਟ ਸਥਾਨਕ ਰੁਜ਼ਗਾਰ ਨੂੰ ਉਤਸ਼ਾਹ ਦੇਣਗੇ ਅਤੇ ਨਿੱਜੀ ਖੇਤਰ 'ਚ 11,497 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਨਵੇਂ ਉਦਯੋਗਿਕ ਐਸਟੇਟ ਨੂੰ ਬੁਨਿਆਦੀ ਢਾਂਚੇ ਦੇ ਸੰਦਰਭ 'ਚ ਵਿਆਪਕ ਰੂਪ ਨਾਲ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ 'ਚ ਅੰਦਰੂਨੀ ਸੜਕ ਕੰਮ, ਬਿਜਲੀ ਦੀ ਉਪਲੱਬਧਤਾ, ਕੇਂਦਰੀਕ੍ਰਿਤ ਪਾਣੀ ਵੰਡ ਪ੍ਰਣਾਲੀ, ਰੇਨ ਵਾਟਰ ਹਾਰਵੈਸਟਿੰਗ, ਸੜਕ ਕਿਨਾਰੇ ਹਰਿਆਲੀ/ਰੁੱਖ ਲਗਾਉਣ ਆਦਿ ਵਰਗੇ ਕੰਮ ਕਰਵਾਏ ਜਾਣਗੇ। 

ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ

ਇਸ ਤੋਂ ਇਲਾਵਾ ਵਿਕਾਸ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮਾਪਦੰਡਾਂ ਅਨੁਸਾਰ ਨਵੇਂ ਪੈਟਰਨ 'ਤੇ ਕੇਂਦਰੀਕ੍ਰਿਤ ਰਹਿੰਦ-ਖੂੰਹਦ ਟਰੀਟਮੈਂਟ ਪਲਾਂਟਾਂ ਦੀ ਸਥਾਪਨਾ ਅਤੇ ਆਧੁਨਿਕ ਅਤਿ-ਆਧੁਨਿਕ ਤਕਨਾਲੋਜੀ 'ਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ। ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਸਮੇਂ-ਹੱਦ 18 ਮਹੀਨੇ ਹੋਵੇਗੀ। ਨਵੇਂ ਉਦਯੋਗਿਕ ਐਸਟੇਟ ਦੀ ਸਥਾਪਨਾ ਜੰਮੂ ਕਸ਼ਮੀਰ 'ਚ ਉਦਯੋਗਿਕ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹ ਦੇਣ ਦੀ ਸਰਕਾਰ ਦੀ ਵਚਨਬੱਧਤਾ ਦੇ ਅਨੁਰੂਪ ਹੈ। ਬੈਠਕ 'ਚ ਉੱਪ ਰਾਜਪਾਲ ਦੇ ਸਲਾਹਕਾਰ ਰਾਜੀਵ ਰਾਏ ਭਟਨਾਗਰ, ਮੁੱਖ ਸਕੱਤਰ ਡਾ. ਅਰੁਣ ਕੁਮਾਰ ਮੇਹਤਾ ਅਤੇ ਉੱਪ ਰਾਜਪਾਲ ਦੇ ਪ੍ਰਧਾਨ ਸਕੱਤਰ ਡਾ. ਮਨਦੀਪ ਕੁਮਾਰ ਭੰਡਾਰੀ ਸ਼ਾਮਲ ਹੋਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha