ਹੁੱਡਾ ਦੀਆਂ ਮੁਸ਼ਕਲਾਂ ਵਧੀਆਂ, ਮਾਨੇਸਰ ਜ਼ਮੀਨ ਘੁਟਾਲੇ 'ਚ ਚਾਰਜਸ਼ੀਟ ਫਾਈਲ

02/02/2018 5:39:53 PM

ਪੰਚਕੂਲਾ— ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੀ.ਬੀ.ਆਈ. ਨੇ ਸ਼ੁੱਕਰਵਾਰ ਨੂੰ ਮਾਨੇਸਰ ਜ਼ਮੀਨ ਘੁਟਾਲੇ ਮਾਮਲੇ 'ਚ ਹੁੱਡਾ ਸਮੇਤ 34 ਲੋਕਾਂ ਦੇ ਖਿਲਾਫ ਪੰਚਕੂਲਾ ਸਥਿਤ ਸਪੈਸ਼ਲ ਸੀ.ਬੀ.ਆਈ. ਕੋਰਟ 'ਚ ਚਾਰਜਸ਼ੀਟ ਫਾਈਲ ਕੀਤੀ ਗਈ ਹੈ। ਇਸ ਚਾਰਜਸ਼ੀਟ 'ਚ ਬਿਲਡਰਾਂ ਅਤੇ ਦੂਜੇ ਕਈ ਲੋਕਾਂ ਦੇ ਨਾਂ ਵੀ ਹਨ।
ਹੁੱਡਾ ਸਮੇਤ 34 ਲੋਕਾਂ 'ਤੇ ਕੋਰਟ 'ਚ ਚਾਰਜਸ਼ੀਟ ਫਾਈਲ
ਮਾਨੇਸਰ ਜ਼ਮੀਨ ਘੁਟਾਲੇ 'ਚ 12 ਅਪ੍ਰੈਲ 2017 ਨੂੰ ਸੁਪਰੀਮ ਕੋਰਟ ਨੇ ਵੀ ਫੈਸਲਾ ਸੁਰੱਖਿਆ ਰੱਖਿਆ ਹੋਇਆ ਹੈ। ਉਸ ਦਿਨ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਜਾਂਚ ਰਿਪੋਰਟ ਸਬਮਿਟ ਕਰਨ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਅਤੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਇਕ ਹਫਤੇ ਦੇ ਅੰਦਰ-ਅੰਦਰ ਢੀਂਗਰਾ ਕਮਿਸ਼ਨ ਦੀ ਰਿਪੋਰਟ ਕੋਰਟ ਦੇ ਸਾਹਮਣੇ ਪੇਸ਼ ਕਰਨ। ਹੁਣ ਇਸ ਮਾਮਲੇ 'ਚ ਸੀ.ਬੀ.ਆਈ. ਨੇ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ਦੇ ਸਪੈਸ਼ਲ ਜੱਜ ਕਪਿਲ ਰਾਠੀ ਨੂੰ ਮਾਨੇਸਰ ਮਾਮਲੇ 'ਚ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ। ਜਿਸ 'ਚ ਹੁੱਡਾ ਤੋਂ ਇਲਾਵਾ ਐੱਮ.ਐੱਲ. ਤਾਇਲ, ਛਤਰ ਸਿੰਘ, ਐੱਸ.ਐੱਸ. ਢਿੱਲੋਂ, ਸਾਬਕਾ ਡੀ.ਟੀ.ਪੀ. ਜਸਵੰਤ ਸਮੇਤ ਕਈ ਬਿਲਡਰਾਂ ਸਮੇਤ 34 ਲੋਕਾਂ ਦੇ ਨਾਂ ਆਏ ਹਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ 27 ਅਗਸਤ 2004 ਤੋਂ 24 ਅਗਸਤ 2007 ਦਰਮਿਆਨ ਹੁੱਡਾ ਸਰਕਾਰ ਨੇ ਜ਼ਮੀਨ ਐਕਵਾਇਰ (ਪ੍ਰਾਪਤੀ) ਦੀ ਧਮਕੀ ਦੇਣ ਦਾ ਦੋਸ਼ ਹੈ। ਹੁੱਡਾ ਸਰਕਾਰ ਨੇ ਆਈ.ਐੱਮ.ਟੀ. ਮਾਨੇਸਰ ਦੀ ਸਥਾਪਨਾ ਲਈ 912 ਏਕੜ ਜ਼ਮੀਨ ਦੇ ਐਕਵਾਇਰ ਦਾ ਨੋਟਿਸ ਕਿਸਾਨਾਂ ਨੂੰ ਫੜਾਇਆ। ਜਿਸ ਤੋਂ ਬਾਅਦ ਪ੍ਰਾਈਵੇਟ ਬਿਲਡਰਾਂ ਨੇ ਕਿਸਾਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਔਨੇ-ਪੋਨੇ ਦਾਮਾਂ (ਕੀਮਤਾਂ) 'ਤੇ ਕਿਸਾਨਾਂ ਤੋਂ ਜ਼ਮੀਨ ਖਰੀਦ ਲਈ। 24 ਅਗਸਤ 2007 ਨੂੰ ਬਿਲਰਾਂ ਵੱਲੋਂ ਖਰੀਦੀ ਗਈ ਜ਼ਮੀਨ ਨੂੰ ਡਾਇਰੈਕਟਰ ਇੰਡਸਟਰੀਜ਼ ਨੇ ਨਿਯਮਾਂ ਦੀ ਉਲੰਘਣਾ 'ਤੇ ਐਕਵਾਇਰ ਪ੍ਰੋਸੈੱਸ ਤੋਂ ਰਿਲੀਜ਼ ਕਰ ਦਿੱਤਾ। ਇਹ ਜ਼ਮੀਨ ਬਿਲਡਰ ਉਨ੍ਹਾਂ ਦੀ ਕੰਪਨੀ ਅਤੇ ਉਨ੍ਹਾਂ ਦੇ ਏਜੰਟ ਨੂੰ ਰਿਲੀਜ਼ ਕੀਤੀ ਗਈ। ਜ਼ਮੀਨ ਦੇ ਅਸਲੀ ਮਾਲਕਾਂ ਨੂੰ ਇਹ ਜ਼ਮੀਨ ਨਹੀਂ ਦਿੱਤੀ ਗਈ।
ਸੀ.ਬੀ.ਆਈ. ਅਨੁਸਾਰ ਉਸ ਸਮੇਂ 400 ਏਕੜ ਜ਼ਮੀਨ ਦੀ ਮਾਰਕੀਟ ਵੈਲਿਊ 1600 ਕਰੋੜ ਸੀ ਮਤਲਬ ਪ੍ਰਤੀ ਏਕੜ ਜ਼ਮੀਨ ਦੀ ਕੀਮਤ 4 ਕਰੋੜ ਰੁਪਏ ਸੀ ਪਰ ਬਿਲਡਰਜ਼ ਨੇ ਉਹ ਜ਼ਮੀਨ ਸਿਰਫ 100 ਕਰੋੜ 'ਚ ਹੀ ਖਰੀਦ ਲਈ। ਖੱਟੜ ਸਰਕਾਰ ਦੇ ਨਿਰਦੇਸ਼ 'ਤੇ ਮਾਨੇਸਰ ਜ਼ਮੀਨ ਘੁਟਾਲੇ ਨੂੰ ਲੈ ਕੇ ਸੀ.ਬੀ.ਆਈ. ਨੇ ਹੁੱਡਾ ਅਤੇ ਹੋਰ ਦੇ ਖਿਲਾਫ 17 ਸਤੰਬਰ 2015 ਨੂੰ ਮਾਮਲਾ ਦਰਜ ਕੀਤਾ। ਸੀ.ਬੀ.ਆਈ. ਨੇ ਆਈ.ਪੀ.ਸੀ. ਦੀ ਧਾਰਾ 420, 465, 468, 471, 120ਬੀ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ। ਸੀ.ਬੀ.ਆਈ. ਨੇ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ, ਜਿਸ 'ਚ ਹੁੱਡਾ ਸਮੇਤ 34 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।