ਕਦੇ ਮਜ਼ਬੂਰੀ ਕਾਰਨ ਖਾਣੀ ਪੈਂਦੀ ਸੀ ਮਿੱਟੀ, ਹੁਣ ਇਸ ਬਜ਼ੁਰਗ ਦੀ ਬਣ ਗਈ ਹੈ ਆਦਤ

01/19/2018 4:25:08 PM

ਸਾਹਿਬਗੰਜ— ਜਿੱਥੇ ਇਕ ਪਾਸੇ ਪਿਛਲੇ ਸਾਲ ਤੋਂ ਝਾਰਖੰਡ 'ਚ ਲਗਾਤਾਰ ਭੁੱਖ ਨਾਲ ਹੋ ਰਹੀਆਂ ਮੌਤਾਂ 'ਤੇ ਸਿਆਸਤ ਗਰਮਾਈ ਹੋਈ ਹੈ, ਉੱਥੇ ਹੀ ਸ਼ੁੱਕਰਵਾਰ ਨੂੰ ਸਾਹਮਣੇ ਆਏ ਇਕ ਮਾਮਲੇ ਨੇ ਰਾਜ ਦੀ ਵਧਦੀ ਗਰੀਬੀ ਨੂੰ ਬੇਨਕਾਬ ਕਰ ਦਿੱਤਾ ਹੈ। ਇੱਥੇ 100 ਸਾਲਾ ਇਕ ਬਜ਼ੁਰਗ ਗਰੀਬੀ ਕਾਰਨ ਮਿੱਟੀ ਖਾ ਕੇ ਜ਼ਿੰਦਾ ਰਹਿਣ ਨੂੰ ਮਜ਼ਬੂਰ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਸਰੀਰ ਨੂੰ ਹੁਣ ਮਿੱਟੀ ਦੀ ਅਜਿਹੀ ਆਦਤ ਪੈ ਚੁਕੀ ਹੈ ਕਿ ਬਿਨਾਂ ਇਸ ਨੂੰ ਖਾਧੇ ਉਹ ਜਿਉਂਦਾ ਨਹੀਂ ਰਹਿ ਸਕਦਾ। ਝਾਰਖੰਡ ਦੇ ਸਾਹਿਬਗੰਜ ਵਾਸੀ 100 ਸਾਲਾ ਕਰੂ ਪਾਸਵਾਨ ਨੂੰ ਲੋਕਾਂ ਨੇ ਮਿੱਟੀ ਖਾਂਦੇ ਦੇਖਿਆ ਤਾਂ ਹੈਰਾਨ ਹੋ ਕੇ ਉਨ੍ਹਾਂ ਤੋਂ ਇਸ ਦੇ ਪਿੱਛੇ ਦਾ ਕਾਰਨ ਪੁੱਛਿਆ। ਇਕ ਨਿਊਜ਼ ਏਜੰਸੀ ਅਨੁਸਾਰ ਬਜ਼ੁਰਗ ਕਰੂ ਨੇ ਦੱਸਿਆ ਇਕ ਜ਼ਿਆਦਾ ਗਰੀਬੀ ਕਾਰਨ ਜਦੋਂ ਉਨ੍ਹਾਂ ਨੂੰ ਪੇਟ ਭਰਨ ਲਈ ਭੋਜਨ ਨਹੀਂ ਮਿਲਦਾ ਸੀ ਤਾਂ ਉਹ ਮਿੱਟੀ ਖਾ ਕੇ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰਦੇ ਸਨ।
11 ਸਾਲ ਦੀ ਉਮਰ 'ਚ ਉਨ੍ਹਾਂ ਨੇ ਮਿੱਟੀ ਖਾਣੀ ਸ਼ੁਰੂ ਕੀਤੀ, ਜੋ ਬਾਅਦ 'ਚ ਉਨ੍ਹਾਂ ਦੇ ਰੋਜ਼ ਦੇ ਭੋਜਨ 'ਚ ਸ਼ਾਮਲ ਹੋ ਗਈ। ਹਾਲਤ ਇਹ ਹੈ ਕਿ ਹੁਣ ਕਰੂ ਦਾ ਮੰਨਣਾ ਹੈ ਕਿ ਬਿਨਾਂ ਮਿੱਟੀ ਖਾਏ ਜ਼ਿੰਦਾ ਨਹੀਂ ਰਹਿ ਸਕਦੇ। ਕਰੂ ਕੋਲ ਮਿੱਟੀ ਦਾ ਖਾਲੀ ਭਾਂਡਾ ਅਤੇ ਕੁਝ ਸੁੱਕੀ ਮਿੱਟੀ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜ 'ਚ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ 'ਤੇ ਸਿਆਸੀ ਬਹਿਸ ਸ਼ੁਰੂ ਹੋ ਗਈ ਸੀ। ਪਿਛਲੇ ਸਾਲ ਅਕਤੂਬਰ ਮਹੀਨੇ 11 ਸਾਲ ਦੀ ਇਕ ਬੱਚੀ ਦੀ ਮੌਤ ਭੁੱਖ ਨਾਲ ਹੋ ਗਈ ਸੀ। ਬੱਚੀ ਦੀ ਮਾਂ ਨੇ ਦੱਸਿਆ ਕਿ ਆਧਾਰ ਕਾਰਡ ਨਾ ਹੋਣ ਕਰ ਕੇ ਉਨ੍ਹਾਂ ਨੂੰ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਜ 'ਚ ਸਿਲਸਿਲੇਵਾਰ ਤਿੰਨ-ਚਾਰ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਪਰ ਪ੍ਰਸ਼ਾਸਨ ਹਰ ਵਾਰ ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਖਾਰਜ ਕਰਦਾ ਰਿਹਾ ਹੈ।