ਮੁੰਬਈ ਫੁੱਟ ਓਵਰ ਬ੍ਰਿਜ ਹਾਦਸੇ 'ਚ 6 ਦੀ ਮੌਤ, ਮਲਬੇ ਹੇਠ ਕਈ ਦਬੇ

03/14/2019 8:00:47 PM

ਮੁੰਬਈ — ਮੁੰਬਈ 'ਚ ਵੀਰਵਾਰ ਦੇਰ ਸ਼ਾਮ ਇਕ ਫੁੱਟ ਓਵਰ ਬ੍ਰਿਜ ਡਿੱਗ ਗਿਆ, ਜਿਸ 'ਚ 6 ਦੀ ਮੌਤ ਹੋ ਗਈ ਤੇ 36 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਪੁਲ ਸੀ.ਐੱਸ.ਟੀ. ਰੇਲਵੇ ਸਟੇਸ਼ਨ ਦੇ ਬਾਹਰ ਸੀ। ਮਲਬੇ 'ਚੋਂ 7-8 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਤੇ ਹਾਲੇ ਵੀ ਕਈ ਲੋਕਾਂ ਦੇ ਇਸ ਦੇ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ ਹਾਦਸੇ 'ਚ ਮਰਨ ਵਾਲੀਆਂ ਦੋਵੇਂ ਔਰਤਾਂ ਜੀਟੀ ਹਸਪਤਾਲ 'ਚ ਕੰਮ ਕਰਦੀਆਂ ਸਨ।

ਦੱਸ ਦਈਏ ਕਿ ਸੀ.ਐੱਸ.ਟੀ. ਰੇਲਵੇ ਸਟੇਸ਼ਨ ਵੱਡਾ ਸਟੇਸ਼ਨ ਹੈ। ਇਹ ਬ੍ਰਿਜ ਆਜ਼ਾਦ ਮੈਦਾਨ ਨੂੰ ਸੀ.ਐੱਸ.ਟੀ. ਰੇਲਵੇ ਸਟੇਸ਼ਨ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਬ੍ਰਿਜ ਦੇ ਹੇਠਾਂ ਦੱਬ ਹੋ ਗਈਆਂ। ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਸੈਂਟ ਜਾਰਜ ਤੇ ਜੀਟੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਸ ਹਾਦਸੇ ਕਾਰਨ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮੁੰਬਈ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੰਬਈ ਪੁਲਸ ਮੁਤਾਬਕ ਪਲੇਟਫਾਰਮ ਨੰਬਰ ਇਕ ’ਤੇ ਬਣਿਆ ਇਹ ਪੁੱਲ ਡਿੱਗਾ। ਇਹ ਪੁਲ ਸੀ. ਐੱਸ. ਟੀ. ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਅਤੇ ਬੀ. ਟੀ. ਲੇਨ ਨੂੰ ਆਪਸ ਵਿਚ ਜੋੜਦਾ ਹੈ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਦੱਸਣ ਮੁਤਾਬਕ ਜਦੋਂ ਇਹ ਪੁਲ ਡਿੱਗਾ ਤਾਂ ਉਥੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਸ ਕਾਰਨ ਡਰ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਰਾਤ ਦੇਰ ਗਏ ਆਖਰੀ ਖਬਰਾਂ ਆਉਣ ਵੇਲੇ ਤੱਕ ਉਹ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਸਨ।

Inder Prajapati

This news is Content Editor Inder Prajapati