ਇਕ ਸ਼ਖਸ ਨੇ ਖਰੀਦਿਆ ਫਲੈਟ, ਬੈੱਡ 'ਚੋਂ ਮਿਲੀ 6 ਮਹੀਨੇ ਪੁਰਾਣੀ ਲਾਸ਼

02/04/2019 3:10:59 PM

ਭੋਪਾਲ— ਇੱਥੇ ਲੰਬੇ ਸਮੇਂ ਤੋਂ ਇਕ ਬੰਦ ਪਏ ਫਲੈਟ 'ਚ ਰਖੇ ਬੈੱਡ 'ਚੋਂ 6 ਮਹੀਨੇ ਪੁਰਾਣੀ ਇਕ ਲਾਸ਼ ਮਿਲਣ ਨਾਲ ਉੱਥੇ ਹੜਕੰਪ ਮਚ ਗਿਆ। ਅਜਿਹਾ ਖਦਸ਼ਾ ਹੈ ਕਿ ਇਹ ਲਾਸ਼ ਫਲੈਟ 'ਚ ਰਹਿਣ ਵਾਲੀ 60 ਸਾਲਾ ਔਰਤ ਦੀ ਹੈ। ਔਰਤ ਨਾਲ ਫਲੈਟ 'ਚ ਰਹਿਣ ਵਾਲਾ ਉਸ ਦਾ ਬੇਟਾ ਵੀ 6 ਮਹੀਨਿਆਂ ਤੋਂ ਲਾਪਤਾ ਹੈ। ਮਿਸਰੌਦ ਦੇ ਪੁਲਸ ਅਧਿਕਾਰੀ ਦਿਨੇਸ਼ ਅਗਰਵਾਲ ਨੇ ਸੋਮਵਾਰ ਨੂੰ ਦੱਸਿਆ,''ਸ਼ਹਿਰ ਦੇ ਬਾਗਸੇਵਨੀਆ ਥਾਣਾ ਖੇਤਰ ਦੇ ਵਿਦਿਆਨਗਰ ਸਥਿਤ ਇਕ ਬੰਦ ਫਲੈਟ 'ਚੋਂ ਐਤਵਾਰ ਨੂੰ ਇਕ ਲਾਸ਼ ਬਰਾਮਦ ਹੋਈ ਹੈ। ਲਾਸ਼ ਕਮਰੇ 'ਚ ਰੱਖੇ ਬੈੱਡ ਦੇ ਅੰਦਰ ਰਜਾਈ ਅਤੇ ਕੱਪੜਿਆਂ 'ਚ ਲਿਪਟੀ ਹੋਈ ਸੀ।'' ਉਨ੍ਹਾਂ ਨੇ ਕਿਹਾ,''ਅਨੁਮਾਨ ਅਨੁਸਾਰ ਇਹ ਲਾਸ਼ ਕਰੀਬ 6 ਮਹੀਨੇ ਪੁਰਾਣੀ ਹੈ, ਕਿਉਂਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਕਰੀਬ 6 ਮਹੀਨੇ ਤੋਂ ਇੱਥੇ ਤਾਲਾ ਲੱਗਾ ਹੋਇਆ ਸੀ।'' 

ਅਗਰਵਾਲ ਨੇ ਦੱਸਿਆ ਕਿ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਲਾਸ਼ ਇਸੇ ਫਲੈਟ 'ਚ ਰਹਿਣ ਵਾਲੀ 60 ਸਾਲਾ ਵਿਮਲਾ ਸ਼੍ਰੀਵਾਸਤਵ ਦੀ ਹੈ। ਉਹ ਸਰਕਾਰੀ ਨੌਕਰੀ ਕਰਦੀ ਸੀ ਅਤੇ ਇੱਥੇ ਆਪਣੇ 30 ਸਾਲਾ ਬੇਰੋਜ਼ਗਾਰ ਬੇਟੇ ਅਮਿਤ ਨਾਲ ਰਹਿੰਦੀ ਸੀ। ਅਮਿਤ ਕਰੀਬ 6 ਮਹੀਨੇ ਤੋਂ ਲਾਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ 'ਤੇ ਸੱਟ ਦੇ ਕੋਈ ਬਾਹਰੀ ਨਿਸ਼ਾਨ ਨਹੀਂ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ 'ਤੇ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਅਗਰਵਾਲ ਨੇ ਦੱਸਿਆ ਕਿ ਪੁਲਸ ਅਮਿਤ ਦੀ ਤਲਾਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਮਲਾ ਨੇ ਇਹ ਫਲੈਟ ਕਰੀਬ 8 ਮਹੀਨੇ ਪਹਿਲਾਂ ਇਕ ਵਿਅਕਤੀ ਨੂੰ ਵੇਚ ਦਿੱਤਾ ਸੀ ਪਰ ਤਾਲਾ ਲੱਗੇ ਹੋਣ ਅਤੇ ਵਿਮਲਾ ਤੇ ਉਸ ਦੇ ਬੇਟੇ ਨਾਲ ਸੰਪਰਕ ਨਾ ਹੋਣ ਕਾਰਨ ਖਰੀਦਾਰ ਨੂੰ ਅਜੇ ਤੱਕ ਇਸ ਦਾ ਕਬਜ਼ਾ ਨਹੀਂ ਮਿਲਿਆ ਹੈ। ਅਗਰਵਾਲ ਨੇ ਦੱਸਿਆ ਕਿ ਫਲੈਟ ਦੇ ਮੌਜੂਦਾ ਮਾਲਕ ਨੇ ਸਾਫ਼-ਸਫ਼ਾਈ ਕਰਨ ਲਈ ਐਤਵਾਰ ਨੂੰ ਇਸ ਦਾ ਤਾਲਾ ਖੁੱਲ੍ਹਵਾਇਆ, ਉਦੋਂ ਲਾਸ਼ ਦਾ ਪਤਾ ਲੱਗਾ। ਉਨ੍ਹਾਂ ਨੇ ਦੱਸਿਆ ਕਿ ਗੁਆਂਢੀਆਂ ਨੇ ਪਿਛਲੇ 6 ਮਹੀਨੇ 'ਚ ਕਦੇ ਵੀ ਫਲੈਟ 'ਚੋਂ ਕੋਈ ਬੱਦਬੂ ਆਉਣ ਦੀ ਸ਼ਿਕਾਇਤ ਨਹੀਂ ਕੀਤੀ।

DIsha

This news is Content Editor DIsha