ਹਿਮਾਚਲ ਦੇ ਛਿਤਕੁਲ ’ਚ ਲਾਪਤਾ 5 ਟਰੈਕਰਾਂ ਦੀਆਂ ਲਾਸ਼ਾਂ ਮਿਲੀਆਂ, 4 ਹਾਲੇ ਵੀ ਲਾਪਤਾ

10/22/2021 11:46:12 AM

ਸ਼ਿਮਲਾ- ਉਤਰਾਖੰਡ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ 11 ਲਾਪਤਾ ‘ਟਰੈਕਰਾਂ’ ’ਚੋਂ 5 ਲੋਕ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਵੀਰਵਾਰ ਨੂੰ ਮ੍ਰਿਤਕ ਮਿਲੇ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਿੰਨੌਰ ਦੇ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਕਿਹਾ ਕਿ ਚਾਰ ਟਰੈਕਰ ਹਾਲੇ ਵੀ ਲਾਪਤਾ ਹਨ, ਜਦੋਂ ਕਿ 2 ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੈਕਰ ਦਲ ਗੁਆਂਢੀ ਸੂਬੇ ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਸਥਿਤ ਹਰਸ਼ਿਲ ਤੋਂ ਕਿੰਨੌਰ ਜ਼ਿਲ੍ਹਾ ਸਥਿਤ ਛਿਤਕੁਲ ਲਈ 11 ਅਕਤੂਬਰ ਨੂੰ ਨਿਕਲਿਆ ਸੀ ਪਰ ਉਹ ਖ਼ਰਾਬ ਮੌਸਮ ਕਾਰਨ ਲਾਮਖਾਗਾ ਦਰਰੇ ’ਚ 17 ਤੋਂ 19 ਅਕਤੂਬਰ ਦਰਮਿਆਨ ਲਾਪਤਾ ਹੋ ਗਿਆ। ਇਹ ਦਰਰਾ ਸਭ ਤੋਂ ਤੰਗ ਦਰਰਿਆਂ ’ਚੋਂ ਇਕ ਹੈ, ਜੋ ਕਿੰਨੌਰ ਜ਼ਿਲ੍ਹੇ ਨੂੰ ਹਰਸ਼ਿਲ ਨਾਲ ਜੋੜਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਚਾਅ ਦਲ ਨੇ 5 ਟਰੈਕਰਾਂ ਦੀਆਂ ਲਾਸ਼ਾਂ ਵੱਖ-ਵੱਖ ਥਾਂਵਾਂ ’ਤੇ ਬਰਫ਼ ਹੇਠਾਂ ਦੱਬੀਆਂ ਦੇਖੀਆਂ। ਲਾਸ਼ਾਂ ਨੂੰ ਇਕ ਸਥਾਨ ’ਤੇ ਇਕੱਠਾ ਕੀਤਾ ਗਿਆ ਅਤੇ ਸ਼ੁੱਕਰਵਾਰ ਨੂੰ ਹੈਲੀਕਾਪਟਰ ਰਾਹੀਂ ਉੱਤਰਕਾਸ਼ੀ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ 2 ਟਰੈਕਰ ਬਚਾ ਲਏ ਗਏ ਹਨ ਪਰ ਉਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਲ ਸੈਨਾ, ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਅਤੇ ਕਿੰਨੌਰ ਪੁਲਸ ਲਾਪਤਾ ਟਰੈਕਰ ਦਾ ਪਤਾ ਲਗਾਉਣ ਲਈ ਇਸ ਸਾਂਝੀ ਮੁਹਿੰਮ ਚਲਾ ਰਹੀ ਹੈ। ਟਰੈਕਰ ਦਲ ਨੇ ਉੱਤਰਕਾਸ਼ੀ ਜੰਗਲਾਤ ਵਿਭਾਗ ਤੋਂ ‘ਇਨਰ ਲਾਈਨ ਪਰਮਿਟ’ ਲਿਆ ਸੀ।

ਇਹ ਵੀ ਪੜ੍ਹੋ : ਮੁਰਗਾ ਨਹੀਂ ਦਿੱਤਾ ਤਾਂ ‘ਹਰਿਆਣਵੀ ਨਿਹੰਗ’ ਨੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ

ਦਲ ਦੇ ਮੈਂਬਰਾਂ ਦੀ ਪਛਾਣ ਦਿੱਲੀ ਦੀ ਅਨੀਤਾ ਰਾਵਤ (38), ਸੌਰਸ਼ ਘੋਸ਼ (34), ਸਵਿਅਨ ਦਾਸ (28), ਰਿਚਰਡ ਮੰਡਲ (30) ਅਤੇ ਸੁਕੇਨ ਮਾਂਝੀ (43) ਦੇ ਰੂਪ ’ਚ ਕੀਤੀ ਗਈ ਹੈ। ਦਲ ਨਾਲ ਮੌਜੂਦ ਰਸੋਈ ਕਰਮੀਆਂ ਦੀ ਪਛਾਣ ਦੇਵੇਂਦਰ (37), ਗਿਆਨ ਚੰਦਰ (33) ਅਤੇ ਉਪੇਂਦਰ (32) ਦੇ ਰੂਪ ’ਚ ਕੀਤੀ ਗਈਹੈ ਅਤੇ ਉਹ ਤਿੰਨੋਂ ਉੱਤਰਕਾਸ਼ੀ ਸਥਿਤ ਪੁਰੋਲਾ ਤੋਂ ਹਨ। ਉਤਰਾਖੰਡ ਸਰਕਾਰ ਨੇ ਸਮੁੰਦਰ ਤਲ ਤੋਂ 20,000 ਫੁੱਟ ਦੀ ਉੱਚਾਈ ’ਤੇ ਸਥਿਤ ਲਾਮਖਾਗਾ ਦਰਰੇ ਤੋਂ ਇਸ ਦਲ ਦੇ ਲਾਪਤਾ ਹੋਣ ਬਾਰੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸੂਚਨਾ ਦਿੱਤੀ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੂਚਨਾ ਮਿਲਣ ਤੋਂ ਬਾਅਦ ਆਈ.ਟੀ.ਬੀ.ਪੀ. ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆਅਤੇ ਫ਼ੋਰਸਾਂ ਨੇ ਵੀਰਵਾਰ ਸਵੇਰੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਟਰੈਕਰ ਅਤੇ ਗਾਈਡ ਨੂੰ ਬਚਾਅ ਲਿਆ ਗਿਆ ਹੈ। ਟਰੈਕਰ ਨੂੰ ਇਕ ਹੈਲੀਕਾਪਟਰ ਤੋਂ ਉੱਤਰਕਾਸ਼ੀ ਲਿਜਾਇਆ ਗਿਆ, ਜਦੋਂ ਕਿ ਗਾਈਡ ਫ਼ੌਜੀਆਂ ਨਾਲ ਹੈ ਅਤੇ ਉਸ ਨੂੰ ਸ਼ੁੱਕਰਵਾਰ ਉਤਰਾਖੰਡ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਵੀਰਵਾਰ ਨੂੰ ਬਚਾਅ ਮੁਹਿੰਮ ਮੁਅੱਤਲ ਕਰਨੀ ਪਈ ਪਰ ਇਹ ਸ਼ੁੱਕਰਵਾਰ ਸਵੇਰੇ 6.30 ਵਜੇ ਬਹਾਲ ਕੀਤੀ ਗਈ।

ਇਹ ਵੀ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੇ ਟੈਂਟ ਹਟਾਉਣੇ ਕੀਤੇ ਸ਼ੁਰੂ, ਦਿੱਲੀ ਜਾਣਾ ਹੋਵੇਗਾ ਆਸਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha