ਦੇਸ਼ ’ਚ ਪਹਿਲੀ ਵਾਰ GSVM ਮੈਡੀਕਲ ਕਾਲਜ ’ਚ ਕੀਤਾ ਸ਼ੂਗਰ ਦੇ ਮਰੀਜ਼ ਦਾ ਇਲਾਜ

09/01/2022 10:45:14 AM

ਕਾਨਪੁਰ– ਸ਼ੂਗਰ ਉਹ ਬੀਮਾਰੀ ਹੈ, ਜਿਸ ਨਾਲ ਸਰੀਰ ਸਹੀ ਢੰਗ ਨਾਲ ਇੰਸੁਲਿਨ ਦਾ ਨਿਰਮਾਣ ਨਹੀਂ ਕਰ ਪਾਉਂਦਾ ਹੈ। ਲੋਕਾਂ ਨੂੰ ਇਸ ਬੀਮਾਰੀ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਅਜਿਹੀ ਬੀਮਾਰੀ ਸੀ, ਜਿਸ ਦਾ ਕੋਈ ਇਲਾਜ ਵੀ ਨਹੀਂ ਸੀ ਪਰ ਹੁਣ ਦੇਸ਼ ’ਚ ਪਹਿਲੀ ਵਾਰ ਯੂ. ਪੀ. ਦੇ ਕਾਨਪੁਰ ’ਚ ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ ਨੇ ਕਮਾਲ ਕਰ ਦਿਖਾਇਆ ਹੈ। ਮੈਡੀਕਲ ਕਾਲਜ ’ਚ ਫੈਟ ਨਾਲ ਸਟੈੱਮ ਸੈੱਲ ਟ੍ਰਾਂਸਪਲਾਂਟ ਕਰ ਕੇ ਸ਼ੂਗਰ ਦੇ ਰੋਗੀ ਦਾ ਸਫਲ ਇਲਾਜ ਕੀਤਾ ਗਿਆ ਹੈ।

ਦੱਸ ਦਈਏ ਕਿ ਕਾਨਪੁਰ ਦੇ ਮੈਡੀਕਲ ਕਾਲਜ ’ਚ ਇਕ ਸ਼ੂਗਰ ਰੋਗੀ ਆਇਆ ਸੀ, ਜਿਸ ਦੀ ਉਮਰ 50 ਸਾਲ ਸੀ ਅਤੇ ਕਈ ਸਾਲਾਂ ਤੋਂ ਸ਼ੂਗਰ ਤੋਂ ਪੀੜਤ ਸੀ। ਉਸ ਮਰੀਜ਼ ਦਾ ਮੈਡੀਕਲ ਕਾਲਜ ਦੇ ਐੱਮ. ਐੱਲ. ਆਰ. ਸਰਜਰੀ ਵਿਭਾਗ ’ਚ ਮਰੀਜ਼ ਦੀ ਕਮਰ ਤੇ ਢਿੱਡ ਦੀ ਚਰਬੀ ਤੋਂ ਸਟੈੱਮ ਸੈੱਲ ਕੱਢ ਕੇ ਉਸ ਦਾ ਇਲਾਜ ਕਰਨ ਦੇ ਪਹਿਲੇ ਪੜਾਅ ’ਚ ਸਫਲਤਾ ਹਾਸਲ ਕੀਤੀ। ਡਾਕਟਰਾਂ ਨੇ ਸਟੈੱਮ ਸੈੱਲ ਦਾ ਟ੍ਰਾਂਸਪਲਾਂਟ ਸ਼ੂਗਰ ਮਰੀਜ਼ ਦੀਆਂ ਮਾਸਪੇਸ਼ੀਆਂ ਅਤੇ ਖੂਨ ’ਚ ਕੀਤਾ, ਜਿਸ ਨਾਲ ਉਸ ਨੂੰ ਰਾਹਤ ਮਿਲੀ।

ਉੱਥੇ ਹੀ ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਜੇ ਕਾਲਾ ਨੇ ਦੱਸਿਆ ਕਿ ਪਹਿਲੀ ਵਾਰ ਡਾਕਟਰਾਂ ਨੇ ਚਰਬੀ ਤੋਂ ਸਟੈੱਮ ਸੈੱਲ ਕੱਢ ਕੇ ਖੂਨ ਅਤੇ ਮਾਸਪੇਸ਼ੀਆਂ ’ਚ ਟ੍ਰਾਂਸਪਲਾਂਟ ਕਰ ਕੇ ਸ਼ੂਗਰ ਰੋਗੀ ਦਾ ਇਲਾਜ ਕੀਤਾ। ਉੱਧਰ ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਜੇ ਕਾਲਾ ਨੇ ਦੱਸਿਆ ਕਿ ਡਿਜੀਟਲ ਥੈਰੇਪੀ ’ਚ ਆਸਟ੍ਰੇਲੀਅਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਸਰਜਰੀ ’ਚ ਗੈਸਟ ਫੈਕਲਟੀ ਡਾ. ਬੀ. ਐੱਸ. ਰਾਜਪੂਤ ਅਤੇ ਇੰਦੌਰ ਤੋਂ ਆਈ ਉਨ੍ਹਾਂ ਦੀ ਟੀਮ ਨੇ ਤਕਨੀਕੀ ਸਹਿਯੋਗ ਦਿੱਤਾ।

ਇਸ ਟ੍ਰਾਂਸਪਲਾਂਟ ਤੋਂ ਬਾਅਦ ਡਾਕਟਰਾਂ ਦੀ ਉਮੀਦ ਜਾਗੀ ਹੈ ਕਿ ਸ਼ੂਗਰ ਵਰਗੀ ਲਾ-ਇਲਾਜ ਬੀਮਾਰੀ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼ੂਗਰ ਰੋਗ ’ਚ ਸ਼ੋਧ ਦਾ ਪਹਿਲਾ ਪੜਾਅ ਸੀ, ਜਿਸ ਨੂੰ ਡਾਕਟਰਾਂ ਨੇ ਹਾਸਲ ਕਰ ਲਿਆ ਹੈ। ਹੁਣ ਇਸ ’ਚ ਹੋਰ ਪੜਾਵਾਂ ’ਚ ਸ਼ੋਧ ਕੀਤੀ ਜਾਵੇਗੀ ਤਾਂ ਕਿ ਕਿਸੇ ਪ੍ਰਕਾਰ ਦੇ ਸ਼ੂਗਰ ਰੋਗੀਆਂ ਨੂੰ ਬਿਤਰ ਤਰੀਕੇ ਨਾਲ ਠੀਕ ਕੀਤਾ ਜਾ ਸਕਦੇ। 

Tanu

This news is Content Editor Tanu