ਲੋਕ ਸਭਾ ਚੋਣਾਂ ''ਚ ਮਿਲੀ ਵੱਡੀ ਜਿੱਤ ਤੋਂ ਮੋਦੀ, ਭਾਜਪਾ ਲਈ ਪਹਿਲੀ ਪ੍ਰੀਖਿਆ

09/21/2019 5:32:33 PM

ਨਵੀਂ ਦਿੱਲੀ (ਵਾਰਤਾ)— ਬੀਤੀ ਅਪ੍ਰੈਲ-ਮਈ 'ਚ ਲੋਕ ਸਭਾ ਚੋਣਾਂ 2019 ਭਾਰੀ ਬਹੁਮਤ ਨਾਲ ਜਿੱਤਣ ਵਾਲੀ ਭਾਜਪਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮਹਾਰਾਸ਼ਟਰ ਅਤੇ ਹਰਿਆਣਾ 'ਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਹਿਲੀ ਵੱਡੀ ਪ੍ਰੀਖਿਆ ਹੋਵੇਗੀ। ਸਾਲ 2014 ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ ਦੋਹਾਂ ਸੂਬਿਆਂ 'ਚ ਭਾਜਪਾ ਦੀ ਸਰਕਾਰ ਬਣੀ ਸੀ। ਹਰਿਆਣਾ 'ਚ ਭਾਜਪਾ ਇਕੱਲੀ ਸੱਤਾ ਵਿਚ ਆਈ ਸੀ, ਜਦਕਿ ਮਹਾਰਾਸ਼ਟਰ ਉਸ ਨੇ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਈ ਸੀ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਦੋਹਾਂ ਸੂਬਿਆਂ ਦੇ ਚੋਣ ਤਰੀਕਾਂ ਦਾ ਐਲਾਨ ਕੀਤਾ। ਦੋਹਾਂ ਸੂਬਿਆਂ 'ਚ 21 ਅਕਤੂਬਰ ਨੂੰ ਚੋਣਾਂ ਹੋਣਗੀਆਂ ਅਤੇ 24 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।
ਹਰਿਆਣਾ 'ਚ 2014 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸ਼ਾਨਦਾਰ ਸਫਲਤਾ ਹਾਸਲ ਕਰ ਕੇ ਕਾਂਗਰਸ ਦੇ 10 ਸਾਲ ਦੇ ਸ਼ਾਸਨ ਨੂੰ ਖਤਮ ਕੀਤਾ ਸੀ। ਭਾਜਪਾ ਦੇ ਨਵੇਂ ਚਿਹਰੇ ਮਨੋਹਰ ਲਾਲ ਖੱਟੜ ਨੂੰ ਸਰਕਾਰ ਦੀ ਵਾਗਡੋਰ ਸੌਂਪੀ ਸੀ। ਭਾਜਪਾ ਨੇ 90 ਮੈਂਬਰੀ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ 'ਚ 47 ਚੁਣੇ ਹੋਏ ਸਨ। ਸੂਬੇ ਦੇ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਕਾਂਗਰਸ 15 ਸੀਟਾਂ 'ਤੇ ਹੀ ਜਿੱਤ ਸਕੀ ਸੀ। ਜੇਕਰ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੀ ਤਾਂ ਇੱਥੇ ਭਾਜਪਾ ਨੇ ਸ਼ਿਵ ਸੈਨਾ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਅਤੇ 48 'ਚੋਂ 41 ਸੀਟਾਂ ਜਿੱਤੀਆਂ ਸਨ। ਲੋਕ ਸਭਾ ਚੋਣਾਂ 'ਚ 303 ਸੀਟਾਂ ਜਿੱਤਣ ਵਾਲੀ ਭਾਜਪਾ ਲਈ ਇਨ੍ਹਾਂ ਸੂਬਿਆਂ ਦੀ ਚੋਣ ਪਹਿਲੀ ਵੱਡੀ ਪ੍ਰੀਖਿਆ ਹੋਵੇਗੀ। 

Tanu

This news is Content Editor Tanu