ਛੱਤੀਸਗੜ੍ਹ 'ਚ ਖੁੱਲ੍ਹਾ 'ਸਿੱਖ ਇਤਿਹਾਸ' ਨਾਲ ਸੰਬੰਧਤ ਪਹਿਲਾ ਮਿਊਜ਼ੀਅਮ, ਇਹ ਹੈ ਖਾਸੀਅਤ

06/12/2019 12:00:31 PM

ਛੱਤੀਸਗੜ੍ਹ— ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਸਿੱਖ ਸੱਭਿਆਚਾਰ ਅਤੇ ਪਰੰਪਰਾ ਨੂੰ ਪ੍ਰਦਰਸ਼ਿਤ ਕਰਦਾ ਇਕ ਮਿਊਜ਼ੀਅਮ (ਅਜਾਇਬ ਘਰ) ਖੋਲ੍ਹਿਆ ਗਿਆ ਹੈ। ਇਸ ਮਿਊਜ਼ੀਅਮ ਦਾ ਨਾਂ 'ਹਿੰਦ ਦੀ ਚਾਦਰ' ਅਤੇ 9ਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ। ਮਿਊਜ਼ੀਅਮ ਦੇ ਮੈਨੇਜਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਮੌਜੂਦਾ ਪੀੜ੍ਹੀ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਇਤਿਹਾਸ ਨਾਲ ਜੋੜਨਾ ਹੈ। ਸੈਲਾਨੀ ਇੱਥੇ ਸਿੱਖੀ ਇਤਿਹਾਸ, 10 ਗੁਰੂ ਸਾਹਿਬਾਨਾਂ ਬਾਰੇ ਜਾਣ ਸਕਦੇ ਹਨ। ਉਨ੍ਹਾਂ ਕਿਹਾ ਕਿ ਖਾਸ ਕਰ ਕੇ ਬੱਚਿਆਂ ਨੂੰ ਸਿੱਖ ਗੁਰੂਆਂ ਬਾਰੇ ਜਾਣਨਾ ਜ਼ਰੂਰੀ ਹੈ ਪਰ ਉਨ੍ਹਾਂ ਨੂੰ ਹੋਰ ਸ਼ਖਸੀਅਤਾਂ ਬਾਰੇ ਜਾਣਨਾ ਦੀ ਵੀ ਲੋੜ ਹੈ, ਇਸ ਲਈ ਮਿਊਜ਼ੀਅਮ ਨੂੰ ਇਹ ਸਭ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। 


ਸੰਦੀਪ ਨੇ ਕਿਹਾ ਕਿ ਸਾਡੇ ਕੋਲ 'ਹੋਮ ਥੀਏਟਰ' ਵੀ ਹੈ, ਜਿੱਥੇ ਉਹ ਫਿਲਮਾਂ ਜ਼ਰੀਏ ਉਨ੍ਹਾਂ ਬਾਰੇ ਜਾਣ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਇਹ ਮਿਊਜ਼ੀਅਮ ਪੰਜਾਬ ਤੋਂ ਬਾਹਰ ਛੱਤੀਸਗੜ੍ਹ 'ਚ ਬਣਾਇਆ ਗਿਆ ਹੈ। ਇਸ ਮਿਊਜ਼ੀਅਮ ਅੰਦਰ ਸਿੱਖੀ ਭਾਈਚਾਰੇ ਨਾਲ ਸੰਬੰਧਤ ਸਾਡੇ ਗੁਰੂ ਸਾਹਿਬਾਨਾਂ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਹਨ।

ਮੈਂ ਹਰ ਇਕ ਨੂੰ ਆਪਣੇ ਪਰਿਵਾਰ ਨਾਲ ਇਸ ਮਿਊਜ਼ੀਅਮ 'ਚ ਆਉਣ ਦੀ ਅਪੀਲ ਕਰਦਾ ਹਾਂ, ਤਾਂ ਕਿ ਉਹ ਸਿੱਖ ਇਤਿਹਾਸ ਬਾਰੇ ਜਾਣ ਸਕਣ। ਮਿਊਜ਼ੀਅਮ ਨੂੰ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਨਾਲ ਸੰਬੰਧਤ ਕਿਤਾਬਾਂ ਵੀ ਪੜ੍ਹਨ ਨੂੰ ਮਿਲਣਗੀਆਂ।


ਇੱਥੇ ਦੱਸ ਦੇਈਏ ਕਿ ਰਾਜਧਾਨੀ ਰਾਏਪੁਰ ਦੇ ਗੁਰੂਨਾਨਕ ਨਗਰ ਵਿਖੇ ਗੁਰਦੁਆਰਾ ਸਿੰਘ ਸਭਾ 'ਚ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਮਿਊਜ਼ੀਅਮ ਬਣਾਇਆ ਗਿਆ ਹੈ।  ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ 7 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਸ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਮਿਊਜ਼ੀਅਮ ਸਿੱਖ ਇਤਿਹਾਸ ਬਾਰੇ ਨਵੀਂ ਪੀੜ੍ਹੀ ਨੂੰ ਸਿੱਖਣ ਦਾ ਇਕ ਸੁਨਹਿਰੀ ਮੌਕਾ ਹੈ।

Tanu

This news is Content Editor Tanu