ਇਕ ਵਾਰ ਫਿਰ ਫਰੋਲੇ ਜਾਣਗੇ ਕੈਨੇਡੀਅਨ-ਭਾਰਤੀਆਂ ਦੇ 33 ਸਾਲ ਪੁਰਾਣੇ ਦੁੱਖ

01/23/2018 3:41:07 PM

ਓਨਟਾਰੀਓ— ਲਗਭਗ 33 ਸਾਲ ਪਹਿਲਾਂ ਕੈਨੇਡਾ ਤੋਂ ਇਕ ਜਹਾਜ਼ ਨੇ ਉਡਾਣ ਤਾਂ ਭਰੀ ਪਰ ਮੰਜ਼ਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਅੱਤਵਾਦੀਆਂ ਦਾ ਨਿਸ਼ਾਨਾ ਬਣ ਗਿਆ, ਜਿਸ 'ਚ ਸਵਾਰ ਸਾਰੇ ਲੋਕ ਮੌਤ ਦੇ ਮੂੰਹ 'ਚ ਚਲੇ ਗਏ। ਅਸੀਂ ਗੱਲ ਕਰ ਰਹੇ ਹਾਂ 'ਏਅਰ ਇੰਡੀਆ ਫਲਾਈਟ 182 ਕਨਿਸ਼ਕ' ਦੀ ਜਿਸ 'ਚ ਆਪਣਿਆਂ ਨੂੰ ਖੋਹ ਚੁੱਕੇ ਲੋਕਾਂ ਦੇ ਹੰਝੂ ਅਜੇ ਵੀ ਸੁੱਕੇ ਨਹੀਂ। ਇਸ 'ਚ 329 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ ਵਧੇਰੇ ਭਾਰਤੀ ਮੂਲ ਦੇ ਕੈਨੇਡੀਅਨ ਹੀ ਸਨ। 23 ਜੂਨ,1985 'ਚ ਵਾਪਰਿਆ ਇਹ ਭਾਣਾ ਸਾਰੀ ਦੁਨੀਆ ਦੀ ਰੂਹ ਕੰਬਾਅ ਦੇਣ ਵਾਲਾ ਸੀ। ਇਨ੍ਹਾਂ ਲੋਕਾਂ ਦੀ ਯਾਦ 'ਚ ਕੈਨੇਡਾ 'ਚ ਦਸਤਾਵੇਜ਼ ਬਣਾਏ ਜਾਣਗੇ ਅਤੇ ਮਾਸੂਮ ਲੋਕਾਂ ਦੀ ਮੌਤ ਦੀ ਦਾਸਤਾਨ ਆਮ ਲੋਕਾਂ ਤਕ ਪਹੁੰਚਾਈ ਜਾਵੇਗੀ, ਜੋ ਪਹਿਲੀ ਵਾਰ ਹੋ ਰਿਹਾ ਹੈ।


2010 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਸੀ ਕਿ ਇਹ ਤ੍ਰਾਸਦੀ ਸੰਸਥਾਗਤ ਅਸਫਲਤਾ ਕਾਰਨ ਵਾਪਰੀ ਹੈ। ਇਹ ਬਿਆਨ ਹੁਣ ਕੈਨੇਡੀਅਨ ਸਰਕਾਰੀ ਵੈੱਬਸਾਈਟ 'ਤੇ ਦਿਖਾਈ ਨਹੀਂ ਦੇ ਰਿਹਾ। ਇਸ ਸਾਲ ਇਸੇ ਤ੍ਰਾਸਦੀ ਸੰਬੰਧੀ ਨਵੇਂ ਪ੍ਰੋਜੈਕਟ ਓਨਟਾਰੀਓ ਦੀ ਮੈਕਮਾਸਟਰ ਯੂਨੀਵਰਸਿਟੀ (ਹਮਿਲਟਨ) 'ਚ ਜਾਰੀ ਕੀਤੇ ਜਾਣਗੇ, ਜਿੱਥੇ ਲੋਕਾਂ ਨੂੰ ਇਸ ਤ੍ਰਾਸਦੀ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਪ੍ਰੋਜੈਕਟਾਂ ਦੀ ਅਗਵਾਈ ਯੂਨੀਵਰਸਿਟੀ ਦੀ ਸੱਭਿਆਚਾਰਕ ਅਤੇ ਅੰਗਰੇਜ਼ੀ ਦੀ ਐਸੋਸਿਏਟ ਪ੍ਰੋਫੈਸਰ ਚੰਦਰਿਮਾ ਚਾਕਾਰਬੋਰਟੀ ਕਰੇਗੀ, ਜਿਸ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੀ ਕਿ ਕਿਸ ਤਰ੍ਹਾਂ ਗਲਤ ਸੋਚ ਵਾਲੇ ਲੋਕਾਂ ਨੇ 329 ਲੋਕਾਂ ਨੂੰ ਮਿੰਟਾਂ 'ਚ ਮਾਰ ਦਿੱਤਾ ਅਤੇ ਜਿਸ ਦਾ ਦੁੱਖ ਉਨ੍ਹਾਂ ਦੇ ਪਰਿਵਾਰ ਵਾਲੇ ਅਜੇ ਤਕ ਨਹੀਂ ਭੁੱਲ ਸਕੇ। ਇਨ੍ਹਾਂ ਲੋਕਾਂ ਦੇ ਪਰਿਵਾਰਾਂ ਵੱਲੋਂ ਜੋ ਤਸਵੀਰਾਂ ਜਾਂ ਵੀਡੀਓ ਭੇਜੀਆਂ ਗਈਆਂ, ਉਹ ਵੀ ਦਸਤਾਵੇਜ਼ਾਂ 'ਚ ਸ਼ਾਮਲ ਕੀਤੀਆਂ ਜਾਣਗੀਆਂ।