ਮੇਰਠ ''ਚ ਚੱਲਦੀ ਬੱਸ ''ਚ ਲੱਗੀ ਅੱਗ, ਬਾਰਾਤੀਆਂ ਨੇ ਛਾਲ ਮਾਰ ਬਚਾਈ ਜਾਨ

10/24/2022 11:46:49 AM

ਮੇਰਠ (ਵਾਰਤਾ)- ਉੱਤਰ ਪ੍ਰਦੇਸ਼ ਦੇ ਮੇਰਠ 'ਚ ਐਤਵਾਰ ਦੇਰ ਰਾਤ ਮੁਜ਼ੱਫਰਨਗਰ ਤੋਂ ਪਰਤ ਰਹੀ ਬਾਰਾਤੀਆਂ ਨਾਲ ਭਰੀ ਇਕ ਬੱਸ 'ਚ ਅਚਾਨਕ ਅੱਗ ਲੱਗ ਗਈ। ਬਾਰਾਤੀਆਂ ਨੂੰ ਛਾਲ ਮਾਰ ਕੇ ਆਪਣੀ ਜਾਨ ਬਚਾਉਣੀ ਪਈ, ਜਿਸ ਕਾਰਨ ਕਈ ਬਾਰਾਤੀ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਕਸਬਾ ਕਿਠੌਰ ਖੇਤਰ ਦੇ ਪਿੰਡ ਕਾਯਸਥ ਬੜਾ ਵਾਸੀ ਰਾਹਤ ਦੇ ਪੁੱਤਰ 20 ਸਾਲਾ ਸਮਦ ਦੀ ਬਾਰਾਤ ਐਤਵਾਰ ਸਵੇਰੇ ਮੁਜ਼ੱਫਰਨਗਰ ਦੇ ਦੁਲਹੇਰਾ ਪਿੰਡ ਗਈ ਸੀ। ਦੇਰ ਰਾਤ ਬਾਰਾਤ ਵਾਪਸ ਆ ਰਹੀ ਸੀ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 55 ਬਾਰਾਤੀ ਸਵਾਰ ਸਨ। ਬੱਸ 'ਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਦੇਰ 'ਚ ਅੱਗ ਨੇ ਭਿਆਨਕ ਰੂਪ ਲੈ ਲਿਆ। ਜਿਸ ਨਾਲ ਬੱਸ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਮੌਕੇ 'ਤੇ ਫਰਾਰ ਹੋ ਗਏ। 

ਪੁਲਸ ਨੇ ਦੱਸਿਆ ਕਿ ਗੜ੍ਹ ਰੋਡ ਸਥਿਤ ਜੈਭੀਮਨਗਰ ਦੇ ਸਾਹਮਣੇ ਪਹੁੰਚਦੇ ਹੀ ਅਚਾਨਕ ਸ਼ਾਰਟ ਸਰਕਿਟ ਨਾਲ ਪੂਰੀ ਬੱਸ 'ਚ ਅੱਗ ਫੈਲ ਗਈ। ਅੱਗ ਲੱਗਦੇ ਹੀ ਡਰਾਈਵਰ ਅਤੇ ਕੰਡਕਟਰ ਬੱਸ ਵਿਚ ਸੜਕ ਖੜ੍ਹੀ ਕਰ ਕੇ ਫਰਾਰ ਹੋ ਗਏ। ਬੱਸ 'ਚ ਮੌਜੂਦ ਲੋਕਾਂ ਦੀਆਂ ਚੀਕਾਂ ਸੁਣ ਕੇ ਨੇੜੇ-ਤੇੜੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਬਾਰਾਤੀਆਂ ਨੂੰ ਸਹੀ ਸਲਾਮ ਬੱਸ 'ਚੋਂ ਬਾਹਰ ਕੱਢਿਆ। ਕੁਝ ਬਾਰਾਤੀਆਂ ਨੇ ਜਾਨ ਬਚਾਉਣ ਲਈ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਦੀ ਸੂਚਨਾ ਦਿੱਤੇ ਜਾਣ ਦੇ ਕਾਫ਼ੀ ਦੇਰ ਬਾਅਦ ਇਕ ਗੱਡੀ ਪਹੁੰਚੀ। ਕਾਫ਼ੀ ਕੋਸ਼ਿਸ਼ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਲੋਹੇ ਦੇ ਢਾਂਚੇ 'ਚ ਬਦਲ ਚੁੱਕੀ ਸੀ। ਬਾਅਦ 'ਚ ਜੇ.ਬੀ.ਸੀ. ਵਲੋਂ ਬੱਸ ਨੂੰ ਸੜਕ ਦੇ ਵਿਚਕਾਰੋਂ ਹਟਾ ਕੇ ਨਜ਼ਦੀਕੀ ਪੈਟਰੋਲ ਪੰਪ ਤੋਂ ਦੂਰ ਖੜ੍ਹਾ ਕਰਵਾਇਆ ਗਿਆ।

DIsha

This news is Content Editor DIsha