ਦਿਗਵਿਜੇ ਸਿੰਘ ਖਿਲਾਫ ਮਾਮਲਾ ਦਰਜ, ਟਵੀਟ ਕਰ ਕੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼

08/31/2023 7:47:34 PM

ਦਮੋਹ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਪੁਲਸ ਨੇ ਦਮੋਹ ਜ਼ਿਲੇ ਦੇ ਇਕ ਜੈਨ ਮੰਦਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਗੁੰਮਰਾਹਕੁੰਨ ਪੋਸਟ ਪਾਉਣ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਜ ਸਭਾ ਮੈਂਬਰ ਦਿਗਵਿਜੇ ਨੇ 27 ਅਗਸਤ ਨੂੰ ਆਪਣੇ ਅਧਿਕਾਰਤ ‘ਐਕਸ’ (ਪਹਿਲਾਂ ਟਵਿੱਟਰ) ਅਕਾਊਂਟ ’ਤੇ ਇਕ ਪੋਸਟ ’ਚ ਦਾਅਵਾ ਕੀਤਾ ਸੀ ਕਿ ਬਜਰੰਗ ਦਲ ਦੇ ਕੁਝ ਕਥਿਤ ਸਮਾਜ ਵਿਰੋਧੀ ਤੱਤਾਂ ਨੇ 26 ਅਗਸਤ ਦੀ ਰਾਤ ਨੂੰ ਕੁੰਡਲਪੁਰ (ਦਮੋਹ) ਸਥਿਤ ਜੈਨ ਮੰਦਰ ਕੰਪਲੈਕਸ ’ਚ ਭੰਨਤੋੜ ਕੀਤੀ ਸੀ। ਉਨ੍ਹਾਂ ਨੇ ਇਸ ਪੋਸਟ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਟੈਗ ਕੀਤਾ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਪੋਸਟ ਡਿਲੀਟ ਕਰ ਦਿੱਤੀ ਸੀ।

ਦਮੋਹ ਦੇ ਐੱਸ. ਪੀ. ਸੁਨੀਲ ਤਿਵਾੜੀ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਬਾਅਦ ਕੋਤਵਾਲੀ ਪੁਲਸ ਨੇ ਦਿਗਵਿਜੇ ਸਿੰਘ ਦੇ ਖਿਲਾਫ ਕੁੰਡਲਪੁਰ ਜੈਨ ਮੰਦਰ ’ਤੇ ਪੋਸਟ ਲਈ ਇੰਡੀਅਨ ਪੀਨਲ ਕੋਡ ਦੀ ਧਾਰਾ 153-ਏ (ਧਰਮ ਦੇ ਆਧਾਰ ’ਤੇ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਬੜ੍ਹਾਵਾ ਦੇਣ), ਧਾਰਾ 177 (ਝੂਠੀ ਜਾਣਕਾਰੀ ਦੇਣ) ਅਤੇ ਧਾਰਾ 505 (2) (ਜਨਤਕ ਹੰਗਾਮਾ ਫੈਲਾਉਣ ਵਾਲੇ ਬਿਆਨ ਦੇਣ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Rakesh

This news is Content Editor Rakesh