ਘਾਟੇ 'ਚ ਚਲ ਰਹੀ Air India ਨੂੰ ਵੇਚਣ ਲਈ ਵਿੱਤ ਮੰਤਰੀ ਅੱਜ ਕਰਨਗੇ ਬੈਠਕ

09/18/2019 2:31:19 PM

ਨਵੀਂ ਦਿੱਲੀ — ਪਬਲਿਕ ਸੈਕਟਰ ਦੀ ਏਅਰਲਾਈਨ ਏਅਰ ਇੰਡੀਆ ਨੂੰ ਵੇਚਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਯਾਨੀ ਕਿ 18 ਸਤੰਬਰ ਨੂੰ ਬੈਠਕ ਕਰਨਗੇ। ਵਿੱਤੀ ਸਾਲ 2018-19 'ਚ ਏਅਰ ਇੰਡੀਆ ਨੂੰ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ ਹੈ। ਇਹ ਅੰਕੜੇ ਹੁਣੇ ਜਿਹੇ ਜਨਤਕ ਕੀਤੇ ਗਏ ਹਨ। ਅਜਿਹੇ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਇਹ ਬੈਠਕ ਅਹਿਮ ਮੰਨੀ ਜਾ ਰਹੀ ਹੈ। 

Air India ਦੀ ਕਮਾਈ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2018-19 'ਚ ਏਅਰਲਾਈਨ ਦੀ ਕੁੱਲ ਆਮਦਨ 26,400 ਕਰੋੜ ਰੁਪਏ ਰਹੀ। ਇਸ ਦੌਰਾਨ ਕੰਪਨੀ ਨੂੰ 4,600 ਕਰੋੜ ਰੁਪਏ ਦਾ ਆਪਰੇਟਿੰਗ ਲਾਸ(Operating loss)ਹੋਇਆ ਸੀ। ਵਧ ਰਹੀਆਂ ਤੇਲ ਕੀਮਤਾਂ ਅਤੇ ਪਾਕਿਸਤਾਨ ਵਲੋਂ ਭਾਰਤੀ ਜਹਾਜ਼ਾਂ ਲਈ ਏਅਰਸਪੇਸ ਬੰਦ ਕਰਨ ਦੇ ਬਾਅਦ ਕੰਪਨੀ ਨੂੰ ਰੋਜ਼ 3 ਤੋਂ 4 ਕਰੋੜ ਦਾ ਘਾਟਾ ਸਹਿਣਾ ਪੈ ਰਿਹਾ ਹੈ। ਬੀਤੀ 2 ਜੁਲਾਈ ਤੱਕ ਏਅਰ ਇੰਡੀਆ ਨੂੰ ਪਾਕਿਸਤਾਨ ਏਅਰਸਪੇਸ ਬੰਦ ਹੋਣ ਨਾਲ 491 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

PAK ਏਅਰਸਪੇਸ ਬੰਦ ਹੋਣ ਦਾ ਨੁਕਸਾਨ

ਬੀਤੇ ਫਰਵਰੀ ਦੇ ਮਹੀਨੇ 'ਚ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਵਲੋਂ ਬਾਲਾਕੋਟ ਸਟ੍ਰਾਈਕ ਕੀਤੀ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਏਅਰਸਪੇਸ ਬੰਦ ਕਰ ਦਿੱਤੇ ਸਨ। ਹਾਲਾਂਕਿ ਜੁਲਾਈ 'ਚ ਦੁਬਾਰਾ ਏਅਰਸਪੇਸ ਖੋਲ੍ਹ ਦਿੱਤੇ ਗਏ ਸਨ ਪਰ ਕਸ਼ਮੀਰ ਨਾਲ ਜੁੜੀ ਧਾਰਾ 370 ਨੂੰ ਭਾਰਤ ਸਰਕਾਰ ਵਲੋਂ ਬੰਦ ਕਰਨ ਦੇ ਬਾਅਦ ਬਣੇ ਮਾਹੌਲ 'ਚ ਪਾਕਿਸਤਾਨ ਨੇ ਇਕ ਵਾਰ ਫਿਰ ਅਗਸਤ ਦੇ ਅੰਤ 'ਚ ਆਪਣੇ ਏਅਰਸਪੇਸ ਬੰਦ ਕਰ ਦਿੱਤੇ। ਏਅਰ ਇੰਡੀਆ ਤੋਂ ਇਲਾਵਾ ਨਿੱਜੀ ਏਅਰਲਾਈਨ ਸਪਾਈਸ ਜੈੱਟ, ਇੰਡੀਗੋ ਅਤੇ ਗੋਏਅਰ ਨੂੰ ਇਸ ਦੌਰਾਨ ਕ੍ਰਮਵਾਰ :  30.73 ਕਰੋੜ ਰੁਪਏ, 25.1 ਕਰੋੜ ਰੁਪਏ ਅਤੇ 2.1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਕੁੱਲ 58,000 ਕਰੋੜ ਰੁਪਏ ਦਾ ਕਰਜ਼ਾ

ਲੰਮੇ ਸਮੇਂ ਤੋਂ ਘਾਟੇ 'ਚ ਚਲ ਰਹੀ ਏਅਰ ਇੰਡੀਆ 'ਤੇ ਕੁੱਲ 58,000 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਇਸ ਨੂੰ ਚੁਕਾਉਣ ਲਈ ਏਅਰਲਾਈਂਸ ਨੂੰ ਸਾਲਾਨਾ 4,000 ਕਰੋੜ ਰੁਪਏ ਖਰਚ ਕਰਨੇ ਪੈ ਰਹੇ ਹਨ। ਹੁਣੇ ਜਿਹੇ ਏਅਰ ਇੰਡੀਆ ਦੇ ਸਪੈਸ਼ਲ ਪਰਪਸ   ੍ਵਹੀਕਲ ਏਅਰ ਇੰਡੀਆ ਐਸੇਟਸ ਹੋਲਡਿੰਗਸ ਲਿਮਟਿਡ(0000) ਨੇ ਬਾਂਡ ਜਾਰੀ ਕਰਕੇ 7,000 ਕਰੋੜ ਰੁਪਏ ਇਕੱਠੇ ਕਰ ਲਏ ਹਨ। ਇਸ ਨਾਲ ਕਰਜ਼ੇ ਦੇ ਭਾਰੀ ਬੋਝ ਥੱਲ੍ਹੇ ਦੱਬੀ ਏਅਰ ਇੰਡੀਆ ਨੂੰ ਕੁਝ ਰਾਹਤ ਮਿਲੇਗੀ।