ਇਹਨਾਂ ਤਰੀਕਿਆਂ ਨਾਲ ਖਤਮ ਕਰੋ ਪਰਿਵਾਰ ਦੇ ਝਗੜੇ, ਜ਼ਿੰਦਗੀ ਬਣ ਜਾਵੇਗੀ ਸਵਰਗ

01/31/2020 9:31:02 PM

ਨਵੀਂ ਦਿੱਲੀ- ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਿਸ਼ਤਿਆਂ ਵਿਚ ਮਿਠਾਸ ਬਣੀ ਰਹੇ ਤੇ ਸਾਰੀ ਖਟਾਸ ਇਕਦਮ ਦੂਰ ਹੋ ਜਾਵੇ ਤਾਂ ਤੁਹਾਨੂੰ ਖੁਦ ਵਿਚ ਸੁਧਾਰ ਕਰਨਾ ਪਵੇਗਾ। ਇਸ ਦੇ ਨਾਲ ਹੀ ਤੁਹਾਨੂੰ ਕੁਝ ਜ਼ਰੂਰੀ ਚੀਜ਼ਾਂ ਵੀ ਧਿਆਨ ਵਿਚ ਰੱਖਣੀਆਂ ਪੈਣਗੀਆਂ। ਇਹਨਾਂ ਵਿਚ ਪਹਿਲੀ ਚੀਜ਼- ਪਰਿਵਾਰ, ਦੋਸਤ ਤੇ ਰਿਸ਼ਤੇਦਾਰਾਂ ਦੇ ਲਈ ਸਮਾਂ ਕੱਢਣਾ ਹੈ। ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਭਰਪੂਰ ਸਮਾਂ ਦਿਓਗੇ ਤਾਂ ਤੁਹਾਡੀ ਅੱਧੀ ਪਰੇਸ਼ਾਨੀ ਤਾਂ ਉਂਝ ਹੀ ਦੂਰ ਹੋ ਜਾਵੇਗੀ। ਆਓ ਜਾਣਦੇ ਹਾਂ ਕਿ ਪਰਿਵਾਰ ਦੇ ਝਗੜਿਆਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਨੂੰ ਇਕੱਲੇ ਖਾਣਾ ਖਾਣ ਦੀ ਆਦਤ ਹੈ ਤਾਂ ਇਸ ਆਦਤ ਨੂੰ ਛੱਡ ਦਿਓ। ਆਪਣੇ ਪਰਿਵਾਰ ਵਿਚ ਸਾਰਿਆਂ ਨਾਲ ਬੈਠ ਕੇ ਖਾਣਾ ਖਾਓ। ਪਰਿਵਾਰ ਵਿਚ ਇਕੱਠੇ ਬੈਠ ਕੇ ਖਾਣਾ ਖਾਣ ਨਾਲ ਸਬੰਧਾਂ ਵਿਚ ਆਈ ਖਟਾਸ ਦੂਰ ਹੁੰਦੀ ਹੈ ਤੇ ਆਪਸੀ ਪਿਆਰ ਵਧਦਾ ਹੈ। ਇਸ ਨਾਲ ਪਰਿਵਾਰ ਵਿਚ ਖੁਸ਼ਹਾਲੀ ਆਉਂਦੀ ਹੈ।

ਪਰਿਵਾਰ ਨੂੰ ਸਮਾਂ ਦੇਣਾ ਬੇਹੱਦ ਜ਼ਰੂਰੀ ਹੈ। ਅਸੀਂ ਜਿਸ ਤਰ੍ਹਾਂ ਦੀ ਜੀਵਨਸ਼ੈਲੀ ਵਿਚ ਢਲਦੇ ਜਾ ਰਹੇ ਹਾਂ, ਸਾਡੇ ਕੋਲ ਪੈਸਾ ਤਾਂ ਹੈ ਪਰ ਪਰਿਵਾਰ ਦੇ ਲਈ ਸਮਾਂ ਨਹੀਂ ਹੈ। ਇਸ ਦੇ ਕਾਰਨ ਕਈ ਵਾਰ ਪਰਿਵਾਰ ਟੁੱਟਣ ਦੀ ਕਗਾਰ 'ਤੇ ਆ ਜਾਂਦਾ ਹੈ। ਤੁਹਾਨੂੰ ਆਪਣੇ ਪਰਿਵਾਰ, ਬੱਚਿਆਂ ਤੇ ਪਤਨੀ ਦੇ ਨਾਲ ਹਫਤੇ ਵਿਚ ਇਕ ਵਾਰ ਘਰ ਤੋਂ ਬਾਹਰ ਘੁੰਮਣ ਜ਼ਰੂਰ ਜਾਣਾ ਚਾਹੀਦਾ ਹੈ।

ਜੇਕਰ ਤੁਹਾਡਾ ਜ਼ਿਆਦਾਤਰ ਸਮਾਂ ਦਫਤਰ ਵਿਚ ਲੰਘਦਾ ਹੈ ਤੇ ਉਸ ਤੋਂ ਬਾਅਦ ਘਰ ਜਾ ਕੇ ਤੁਸੀਂ ਤਣਾਅ ਵਿਚ ਰਹਿੰਦੇ ਹੋ ਤਾਂ ਇਸ ਗੱਲ ਨੂੰ ਪਰਿਵਾਰ ਦੇ ਸਾਹਮਣੇ ਬਿਲਕੁਲ ਜ਼ਾਹਿਰ ਨਾ ਕਰੋ। ਤੁਸੀਂ ਕਿੰਨਾਂ ਵੀ ਵਿਅਸਤ ਰਹੋ ਪਰ ਆਪਣੇ ਬੱਚਿਆਂ ਦੇ ਲਈ ਸਮਾਂ ਜ਼ਰੂਰ ਕੱਢੋ ਤੇ ਉਹਨਾਂ ਦੀਆਂ ਖੇਡਾਂ ਵਿਚ ਹਿੱਸਾ ਲਓ। ਇਸ ਨਾਲ ਤੁਹਾਡੇ ਦਫਤਰ ਤੇ ਕੰਮ ਦਾ ਤਣਾਅ ਤਾਂ ਘਟੇਗਾ ਹੀ, ਪਰਿਵਾਰ ਵਿਚ ਵੀ ਖੁਸ਼ੀ ਦਾ ਮਾਹੌਲ ਬਣੇਗਾ।

ਬਦਲਦੀ ਜੀਵਨਸ਼ੈਲੀ ਤੇ ਭੱਜਦੌੜ ਭਰੀ ਜ਼ਿੰਦਗੀ ਦੇ ਕਾਰਨ ਅਕਸਰ ਪਰਿਵਾਰ ਵਿਚ ਝਗੜੇ ਹੋਣ ਲੱਗਦੇ ਹਨ। ਇਹ ਝਗੜੇ ਛੋਟੀਆਂ-ਛੋਟੀਆਂ ਗੱਲਾਂ 'ਤੇ ਹੁੰਦੇ ਹਨ। ਤੁਸੀਂ ਇਹਨਾਂ ਝਗੜਿਆਂ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਪਤਨੀ ਤੇ ਬੱਚਿਆਂ 'ਤੇ ਆਪਣਾ ਤਣਾਅ ਨਾ ਦਿਖਾਓ। ਤੁਸੀਂ ਕਿੰਨੇ ਵੀ ਪਰੇਸ਼ਾਨ ਹੋਵੋ, ਬੱਚਿਆਂ ਤੇ ਪਰਿਵਾਰ ਦੇ ਨਾਲ ਸੰਜਮ ਤੇ ਪਿਆਰ ਨਾਲ ਰਹੋ। ਇਸ ਨਾਲ ਪਰਿਵਾਰ ਵਿਚ ਖੁਸ਼ਹਾਲੀ ਬਣੀ ਰਹੇਗੀ।

Baljit Singh

This news is Content Editor Baljit Singh