ਬੀਮਾਰ ਪਤੀ ਦੇ ਇਲਾਜ ਲਈ ਔਰਤ ਨੇ ਕੀਤਾ ਆਪਣੇ ਨਵਜੰਮੇ ਬੇਟੇ ਦਾ ਸੌਦਾ

04/21/2017 12:42:19 PM

ਅਗਰਤਲਾ— ਤ੍ਰਿਪੁਰਾ ''ਚ ਖੋਵਈ ਜ਼ਿਲੇ ਦੀ ਇਕ ਆਦਿਵਾਸੀ ਔਰਤ ਦਾ ਬੀਮਾਰ ਪਤੀ ਦੇ ਇਲਾਜ ਲਈ ਆਪਣੇ ਨਵਜੰਮੇ ਬੇਟੇ ਦਾ ਸਿਰਫ ਕੁਝ ਹਜ਼ਾਰ ਰੁਪਏ ''ਚ ਸੌਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ''ਚ ਹੜਕੰਪ ਮਚ ਗਿਆ ਹੈ, ਕਿਉਂਕਿ ਸਿਰਫ 8 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵਿਰੋਧੀ ਧਿਰ ਇਸ ਘਟਨਾ ਨੂੰ ਸੱਤਾਧਾਰੀ ਖੱਬੇ ਪੱਖੀ ਦਲ ਦੇ ਖਿਲਾਫ ਮਹੱਤਵਪੂਰਨ ਹਥਿਆਰ ਦੇ ਰੂਪ ''ਚ ਇਸਤੇਮਾਲ ਕਰ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਸੱਤਾਧਾਰੀ ਖੱਬੇ ਪੱਖੀ ਦਲ ਸਰਕਾਰ ਦੀ ਹੋ ਰਹੀ ਕਿਰਕਿਰੀ ਦਰਮਿਆਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਸ ਨੂੰ ਇਸ ਬਾਰੇ ਰਸਮੀ ਰੂਪ ਨਾਲ ਜਾਣੂੰ ਨਹੀਂ ਕਰਵਾਇਆ ਗਿਆ ਹੈ। ਰਿਪੋਰਟ ਅਨੁਸਾਰ ਦਿਹਾੜੀ ਮਜ਼ਦੂਰ ਊਸ਼ਾ ਰੰਜਨ ਦੇਵਵਰਮਾ ਲੰਬੇ ਸਮੇਂ ਤੋਂ ਕਈ ਗੰਭੀਰ ਬੀਮਾਰੀਆਂ ਨਾਲ ਪੀੜਤ ਹੈ ਅਤੇ ਉਸ ਦੀ ਪਤਨੀ ਦੀਨਮਾਲਾ ਘਰ ਦਾ ਖਰਚਾ ਚੁੱਕ ਰਹੀ ਹੈ। ਉਨ੍ਹਾਂ ਦੀ ਮਾਲੀ ਹਾਲਤ ਬੇਹੱਦ ਖਰਾਬ ਹੈ। ਪਰਿਵਾਰ ਦੀ ਪਰੇਸ਼ਾਨੀ ਹੋਰ ਵਧ ਗਈ, ਜਦੋਂ ਤਿੰਨ ਬੇਟਿਆਂ ਦੀ ਮਾਂ ਦੀਨਮਾਲਾ ਨੇ 17 ਅਪ੍ਰੈਲ ਨੂੰ ਇਕ ਹੋਰ ਬੇਟੇ ਨੂੰ ਜਨਮ ਦਿੱਤਾ। ਦੀਨਮਾਲਾ ਪਰਿਵਾਰ ਅਤੇ ਪਤੀ ਦੀਆਂ ਦਵਾਈਆਂ ਦੇ ਖਰਚੇ ਨੂੰ ਲੈ ਕੇ ਗੰਭੀਰ ਚਿੰਤਾ ''ਚ ਪੈ ਗਈ। ਇਸ ਦੌਰਾਨ ਉਸ ਦੀ ਇਕ ਗੁਆਂਢਣ ਨੇ ਉਸ ਨੂੰ ਸਮੱਸਿਆ ਨਾਲ ਨਜਿੱਠਣ ਲਈ ਸੁਝਾਅ ਦਿੱਤਾ ਕਿ ਉਹ ਆਪਣੇ ਨਵਜੰਮੇ ਬੱਚੇ ਨੂੰ ਪੈਸੇ ਵਾਲੇ ਇਕ ਜੋੜੇ ਨੂੰ ਵੇਚ ਦੇਵੇ, ਉਨ੍ਹਾਂ ਦੀ ਸੰਤਾਨ ਨਹੀਂ ਹੈ ਅਤੇ ਉਹ ਇਸ ਨੂੰ ਖਰੀਦ ਲੈਣਗੇ। ਪੈਸੇ-ਪੈਸੇ ਨੂੰ ਮੋਹਤਾਜ ਦੀਨਮਾਲਾ ਨੂੰ ਇਹ ਪ੍ਰਸਤਾਵ ਚੰਗਾ ਲੱਗਾ ਅਤੇ ਉਸ ਨੇ ਬੇਟੇ ਨੂੰ ਸਿਰਫ 7 ਹਜ਼ਾਰ 600 ਰੁਪਏ ''ਚ ਵੇਚ ਦਿੱਤਾ।
ਖਬਰ ਮਿਲਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਐੱਸ. ਕੁਮਾਰ ਜਮਾਤੀਆ ਦੀਨਮਾਲਾ ਦੇ ਪਿੰਡ ਪੁੱਜੇ ਅਤੇ ਸੱਚਾਈ ਦਾ ਪਤਾ ਲਾਇਆ। ਉਨ੍ਹਾਂ ਨੇ ਤੁਰੰਤ ਜ਼ਿਲਾ ਮੈਜਿਸਟਰੇਟ ਟੀ. ਜਯੰਤ ਦੇਵ ਨੂੰ ਇਸ ਘਟਨਾ ਤੋਂ ਜਾਣੂੰ ਕਰਵਾਇਆ ਅਤੇ ਬੱਚੇ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸ਼੍ਰੀ ਜਮਾਤੀਆ ਨੇ ਦੀਨਮਾਲਾ ਨੂੰ ਆਰਥਿਕ ਮਦਦ ਦੇਣ ਅਤੇ ਉਸ ਦੇ ਪਤੀ ਦੇ ਇਲਾਜ ਦੀ ਵੀ ਮੰਗ ਕੀਤੀ। ਇਸ ਦੌਰਾਨ ਸ਼੍ਰੀ ਦੇਵ ਨੇ ਕਿਹਾ,''''ਸੂਚਨਾ ਮਿਲਣ ਤੋਂ ਬਾਅਦ ਸਾਡੀ ਇਕ ਟੀਮ ਦੀਨਮਾਲਾ ਦੇ ਪਿੰਡ ਗਈ ਅਤੇ ਊਸ਼ਾ ਰੰਜਨ ਨੂੰ ਇਲਾਜ ਲਈ ਹਸਪਤਾਲ ਚੱਲਣ ਲਈ ਕਿਹਾ ਪਰ ਪਰਿਵਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦਾ ਤਰਕ ਸੀ ਕਿ ਦੀਨਮਾਲਾ ਬੀਮਾਰ ਹੈ, ਇਸ ਲਈ ਹੁਣ ਊਸ਼ਾ ਰੰਜਨ ਨੂੰ ਹਸਪਤਾਲ ਨਹੀਂ ਭੇਜਿਆ ਜਾ ਸਕਦਾ, ਕਿਉਂਕਿ ਉਸ ਨਾਲ ਹਸਪਤਾਲ ''ਚ ਰਹਿਣ ਵਾਲਾ ਕੋਈ ਨਹੀਂ ਹੈ। ਕਾਫੀ ਜਿੱਦ ਕਰਨ ''ਤੇ ਉਹ ਹਸਪਤਾਲ ਲਈ ਰਾਜੀ ਹੋ ਗਏ ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਆਪਣਾ ਕੋਈ ਬੱਚਾ ਵੇਚਿਆ ਹੈ। ਸ਼੍ਰੀ ਦੇਵ ਨੇ ਕਿਹਾ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖਰ ਦੀਨਮਾਲਾ ਦੇ ਪਰਿਵਾਰ ਨੇ ਸਰਕਾਰ ਦੇ ਸਮਾਜਿਕ ਮਦਦ ਪ੍ਰੋਗਰਾਮ ''ਚ ਰਜਿਸਟਰਡ ਕਿਉਂ ਨਹੀਂ ਕਰਵਾਇਆ ਅਤੇ ਬੀ.ਪੀ.ਐੱਲ. ਕਾਰਡ ਕਿਉਂ ਨਹੀਂ ਲਿਆ।

 

Disha

This news is News Editor Disha