ਐਂਬੂਲੈਂਸ ਲਈ ਨਹੀਂ ਸਨ ਪੈਸੇ, ਬੇਵੱਸ ਪਿਤਾ ਨੇ ਬੱਚੇ ਦੀ ਲਾਸ਼ ਬੈਗ ''ਚ ਰੱਖ ਬੱਸ ਰਾਹੀਂ ਕੀਤਾ 200 ਕਿਲੋਮੀਟਰ ਸਫ਼ਰ

05/15/2023 1:10:56 PM

ਸਿਲੀਗੁੜੀ- ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਪਿਤਾ ਜਦੋਂ ਆਪਣੇ 5 ਮਹੀਨੇ ਦੀ ਬੱਚੇ ਦੀ ਲਾਸ਼ ਲਈ ਐਂਬੂਲੈਂਸ ਦਾ ਖਰਚਾ ਨਹੀਂ ਉੱਠ ਸਕਿਆ ਤਾਂ ਉਹ ਝੋਲੇ 'ਚ ਉਸ ਦੀ ਲਾਸ਼ ਨਾਲ ਬੱਸ 'ਤੇ 200 ਕਿਲੋਮੀਟਰ ਤੱਕ ਸਫ਼ਰ ਕਰਨ ਲਈ ਮਜ਼ਬੂਰ ਹੋਇਆ। ਉੱਥੇ ਹੀ ਹੁਣ ਇਸ ਮਾਮਲੇ ਦੇ ਸਾਹਮਣੇ ਆਉਣ 'ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਦਰਅਸਲ ਭਾਜਪਾ ਨੇ ਮਮਤਾ ਬੈਨਰਜੀ ਦੀ 'ਸਿਹਤ ਸਾਥੀ' ਯੋਜਨਾ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੱਚੇ ਦੇ ਪਿਤਾ ਆਸ਼ਿਮ ਦੇਬਸ਼ਰਮਾ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਸਿਲੀਗੁੜੀ ਦੇ ਉੱਤਰ ਬੰਗਾਲ ਮੈਡੀਕਲ ਕਾਲਜ ਹਸਪਤਾਲ 'ਚ ਉਸ ਦੇ 5 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੇ ਆਪਣੇ ਬੱਚੇ ਦੀ ਲਾਸ਼ ਨੂੰ ਲੈ ਕੇ ਕਲਿਆਗੰਜ ਸਥਿਤ ਆਪਣੇ ਘਰ ਤੱਕ ਲਿਜਾਉਣ ਲਈ ਐਂਬੂਲੈਂਸ ਡਰਾਈਵਰ ਨੂੰ ਬੇਨਤੀ ਕੀਤੀ ਤਾਂ ਡਰਾਈਵਰ ਨੇ ਉਸ ਤੋਂ 8 ਹਜ਼ਾਰ ਰੁਪਏ ਦੀ ਮੰਗ ਕੀਤੀ।

ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੀ ਉਸ ਦੇ ਬੱਚੇ ਦੇ ਇਲਾਜ 'ਚ 16 ਹਜ਼ਾਰ ਰੁਪਏ ਖਰਚ ਹੋਏ ਸਨ, ਉੱਥੇ ਹੀ ਪੈਸੇ ਨਾ ਹੋਣ 'ਤੇ ਪਿਤਾ ਨੇ ਮਜ਼ਬੂਰ ਹੋ ਕੇ ਬੱਸ 'ਚ ਸਫ਼ਰ ਕੀਤਾ। ਆਸ਼ਿਮ ਨੇ ਦਾਅਵਾ ਕੀਤਾ ਕਿ 102 ਯੋਜਨਾ ਦੇ ਅਧੀਨ ਚੱਲਣ ਵਾਲੀ ਐਂਬੂਲੈਂਸ ਦੇ ਡਰਾਈਵਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਸਹੂਲਤ ਮਰੀਜ਼ਾਂ ਲਈ ਤਾਂ ਮੁਫ਼ਤ ਹੈ ਪਰ ਲਾਸ਼ਾਂ ਨੂੰ ਲਿਜਾਉਣ ਦਾ ਨਿਯਮ ਨਹੀਂ ਹੈ। ਇਸ ਤੋਂ ਬਾਅਦ ਬੇਬੱਸ ਪਿਤਾ ਨੇ ਦੇਬਸ਼ਰਮਾ ਨੇ ਬੱਚੇ ਦੀ ਲਾਸ਼ ਇਕ ਝੋਲੇ 'ਚ ਰੱਖੀ ਅਤੇ ਦਾਰਜੀਲਿੰਗ ਜ਼ਿਲ੍ਹੇ ਦੇ ਸਿਲੀਗੁੜੀ ਤੋਂ 200 ਕਿਲੋਮੀਟਰ ਦੂਰ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਕਲਿਆਗੰਜ ਤੱਕ ਬੱਸ 'ਤੇ ਸਫ਼ਰ ਕੀਤਾ, ਉੱਥੇ ਹੀ ਡਰਦੇ ਹੋਏ ਉਸ ਨੇ ਦੂਜੇ ਯਾਤਰੀਆਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗ ਦਿੱਤੀ। ਆਸ਼ਿਮ ਨੂੰ ਡਰ ਸੀ ਕਿ ਜੇਕਰ ਕਿਤੇ ਦੂਜੇ ਯਾਤਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਬੱਸ ਤੋਂ ਉਤਾਰ ਦੇਣਗੇ।

DIsha

This news is Content Editor DIsha