ਆਨਰ ਕਿਲਿੰਗ : ਪਿਤਾ ਅਤੇ ਦਾਦੀ ਨੇ ਨਾਬਾਲਗਾ ਨੂੰ ਉਤਾਰਿਆ ਮੌਤ ਦੇ ਘਾਟ, ਰਾਤੋ-ਰਾਤ ਕੀਤਾ ਅੰਤਿਮ ਸੰਸਕਾਰ

05/19/2023 10:16:27 AM

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪਿਤਾ ਨੇ ਆਪਣੀ ਨਾਬਾਲਗ ਧੀ ਦਾ ਕਤਲ ਕਰ ਦਿੱਤਾ ਅਤੇ ਰਾਤੋ-ਰਾਤ ਪਿੰਡ ਦੇ ਸ਼ਮਸ਼ਾਨ ਘਾਟ 'ਚ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪਾਨੀਪਤ ਦੀ ਨਲਵਾ ਕਾਲੋਨੀ ਦੀ ਰਹਿਣ ਵਾਲੀ ਨਾਬਾਲਗ ਕੁੜੀ ਪਰਡਾਨਾ ਪਿੰਡ ਦੇ ਇਕ ਨੌਜਵਾਨ ਨਾਲ ਘਰੋਂ ਦੌੜ ਗਈ ਸੀ। ਪੁਲਸ ਨੇ ਕੁੜੀ ਨੂੰ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ ਅਤੇ ਨੌਜਵਾਨ ਨੂੰ ਨਾਬਾਲਗ ਕੁੜੀ ਨੂੰ ਅਗਵਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪਾਨੀਪਤ 'ਚ ਕਤਲ ਦੀ ਇਸ ਸਾਜਿਸ਼ ਦਾ ਦੋਸ਼ ਕੁੜੀ ਦੇ ਮਾਤਾ-ਪਿਤਾ ਦੇ ਨਾਲ ਉਸ ਦੀ ਦਾਦੀ 'ਤੇ ਵੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਮਯੰਕ ਮਿਸ਼ਰਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁੜੀ ਇਕ ਮੁੰਡੇ ਨਾਲ ਘਰ ਛੱਡ ਕੇ ਚੱਲੀ ਗਈ ਸੀ। ਦੋਹਾਂ ਵਿਚਕਾਰ ਪ੍ਰੇਮ ਸਬੰਧ ਸਨ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਹਾਂ ਨੂੰ ਬਰਾਮਦ ਕਰ ਲਿਆ ਸੀ। ਕੁੜੀ ਦੇ ਨਾਬਾਲਗ ਹੋਣ ਕਾਰਨ ਉਸ ਨੂੰ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਸੀ। ਉੱਥੇ ਹੀ ਨੌਜਵਾਨ ਨੂੰ ਕੁੜੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਘਟਨਾ ਦੇ ਕੁਝ ਦਿਨਾਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਸ਼ੈਲਟਰ ਹੋਮ ਤੋਂ ਆਪਣੇ ਘਰ ਲੈ ਆਏ। ਵੀਰਵਾਰ ਨੂੰ ਕੁੜੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ 'ਤੇ ਪਾਨੀਪਤ ਦੇ ਐੱਸ.ਪੀ. ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਅਤੇ ਕੁੜੀ ਨਾਲ ਮਿਲਣ ਦੀ ਗੱਲ ਕੀਤੀ ਤਾਂ ਕੁੜੀ ਉਨ੍ਹਾਂ ਨੂੰ ਨਹੀਂ ਮਿਲੀ। ਜਦੋਂ ਕੁੜੀ ਦੇ ਪਿਤਾ ਤੋਂ ਇਸ ਬਾਰੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। 

ਪਿਤਾ ਵੱਲੋਂ ਦੱਸੀ ਕਹਾਣੀ ’ਤੇ ਪੁਲਸ ਨੂੰ ਸ਼ੱਕ ਹੋਇਆ ਤਾਂ ਪੁਲਸ ਨੇ ਪਿੰਡ ਜਾ ਕੇ ਇਸ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ। ਇਸ ਜਾਂਚ ਤੋਂ ਬਾਅਦ ਪੁਲਸ ਦੇ ਸਾਹਮਣੇ ਜੋ ਸੱਚ ਆਇਆ, ਉਹ ਹੈਰਾਨ ਕਰਨ ਵਾਲਾ ਹੈ। ਪੁਲਸ ਨੂੰ ਪਤਾ ਲੱਗਾ ਕਿ ਕੁੜੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਰੋਣ ਦੀ ਆਵਾਜ਼ ਆਂਢ-ਗੁਆਂਢ 'ਚ ਕਿਸੇ ਨੇ ਨਹੀਂ ਸੁਣੀ। ਦੂਜੇ ਪਾਸੇ ਪਿੰਡ 'ਚ ਕੁੜੀ ਦੀ ਦਾਦੀ ਦਾ ਕਹਿਣਾ ਹੈ ਕਿ ਉਸ ਨੇ ਜੋ ਕਰਨਾ ਸੀ ਉਹ ਕਰ ਦਿੱਤਾ। ਇਸ 'ਤੇ ਪੁਲਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਆਖਿਰ ਜਦੋਂ ਪੁਲਸ ਨੇ ਇਸ ਮਾਮਲੇ ਦੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਪੁਲਸ ਅਨੁਸਾਰ ਕੁੜੀ ਦੇ ਪਿਤਾ ਨੇ ਆਪਣੀ ਮਾਂ ਅਤੇ 2 ਹੋਰ ਸਾਥੀਆਂ ਨਾਲ ਮਿਲ ਕੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕੁੜੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਸ਼ਨੀਵਾਰ ਰਾਤ ਕਰੀਬ 12 ਵਜੇ ਉਸ ਦਾ ਅੰਤਿਮ ਸੰਸਕਾਰ ਪਿੰਡ ਉਝਾ ਦੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਗਿਆ। ਪਾਨੀਪਤ 'ਚ ਆਨਰ ਕਿਲਿੰਗ ਦੇ ਮਾਮਲੇ 'ਚ ਪੁਲਸ ਨੇ ਫਿਲਹਾਲ ਕਤਲ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਮ੍ਰਿਤਕ ਕੁੜੀ ਦੇ ਪਿਤਾ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਪਾਨੀਪਤ 'ਚ ਕੁੜੀ ਦੇ ਕਤਲ ਦੇ ਮਾਮਲੇ 'ਚ ਹੋਰ ਤਿੰਨ ਦੋਸ਼ੀਆਂ ਨੂੰ ਫੜਨ 'ਚ ਜੁਟੀ ਹੈ।

DIsha

This news is Content Editor DIsha