ਮਹਿੰਗਾ ਸਾਬਤ ਹੋ ਰਿਹਾ ਫਾਸਟੈਗ, ਇਸ ਕਾਰਨ ਭੁਗਤਨਾ ਪੈ ਰਿਹਾ ਦੁੱਗਣਾ ਟੋਲ ਟੈਕਸ

01/17/2020 6:12:29 PM

ਨਵੀਂ ਦਿੱਲੀ — ਹਾਈਵੇ 'ਤੇ ਬਣੇ ਟੋਲ ਪਲਾਜ਼ਾ ਤੋਂ ਟੋਲ ਟੈਕਸ ਵਸੂਲੀ ਲਈ ਫਾਸਟੈਗ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ। ਪਰ ਕਮੀਆਂ ਦੇ ਕਾਰਨ ਵਾਹਨਾਂ ਚਾਲਕਾਂ ਨੂੰ ਇਹ ਵਿਵਸਥਾ ਮਹਿੰਗੀ ਪੈ ਰਹੀ ਹੈ। ਸਮੇਂ ਦੇ ਨਾਲ-ਨਾਲ ਇਸ ਦੀਆਂ ਕਮੀਆਂ ਵੀ ਸਾਹਮਣੇ ਆ ਰਹੀਆਂ ਹਨ। ਫਾਸਟੈਗ ਸਕੈਨ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਸਦੀ ਲੈਣੀ ਪੈਂਦੀ ਹੈ। ਦੂਜੇ ਪਾਸੇ ਰਸੀਦ ਲੈਣ ਦੇ ਕੁਝ ਸਮੇਂ ਬਾਅਦ ਹੀ ਬੈਲੇਂਸ ਵੀ ਕੱਟ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ ਤੋਂ ਲੰਘਣਾ ਮਹਿੰਗਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਦੁੱਗਣਾ ਭੁਗਤਾਨ ਕਰਨਾ ਪੈ ਰਿਹਾ ਹੈ।

ਇਸ ਕਾਰਨ ਹੋ ਰਹੀ ਪਰੇਸ਼ਾਨੀ

ਹਾਈਵੇ ਸਥਿਤ ਟੋਲ ਬੂਥਾਂ 'ਤੇ ਫਾਸਟੈਗ ਦੀ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਜਿਹੜੇ ਵਾਹਨਾਂ 'ਤੇ ਫਾਸਟੈਗ ਲੱਗਾ ਹੋਵੇਗਾ। ਉਹ ਟੋਲ ਬੂਥਾਂ 'ਤੇ ਬਿਨਾਂ ਰੁਕੇ ਲੰਘ ਸਕਣਗੇ। ਟੂੰਡਲਾ ਟੋਲ ਪਲਾਜ਼ਾ 'ਤੇ ਵਿਵਸਥਾਵਾਂ 'ਚ ਕਮੀਆਂ ਦਾ ਨੁਕਸਾਨ ਵਾਹਨ ਚਾਲਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਉਪਭੋਗਤਾ ਫਾਸਟੈਗ ਵਾਲੀ ਲਾਈਨ ਵਿਚ ਚਲੇ ਜਾਂਦੇ ਹਨ। ਉਸ ਸਮੇਂ ਕੁਝ ਵਾਹਨਾਂ 'ਤੇ ਲੱਗਾ ਫਾਸਟੈਗ ਕੰਮ ਨਹੀਂ ਕਰਦਾ ਤਾਂ ਟੋਲ ਪਲਾਜ਼ਾ ਦੇ ਕਰਮਚਾਰੀ ਸਹਿਯੋਗ ਕਰਨ ਦੀ ਬਜਾਏ ਨਕਦੀ ਵਾਲੀ ਲਾਈਨ ਵਿਚ ਲੱਗਣ ਲਈ ਕਹਿ ਦਿੰਦੇ ਹਨ। ਅਜਿਹੇ 'ਚ ਚਾਲਕਾਂ ਨੂੰ ਲੰਮੀ ਲਾਈਨ ਵਿਚ ਲੱਗ ਕੇ ਟੋਲ ਟੈਕਸ ਦਾ ਨਕਦ ਭੁਗਤਾਨ ਕਰਨਾ ਪੈਂਦਾ ਹੈ। ਟੋਲ ਟੈਕਸ ਦਾ ਨਕਦ ਭੁਗਤਾਨ ਕਰਨ ਦੇ ਇਕ ਜਾਂ ਦੋ ਘੰਟੇ ਬਾਅਦ ਫਾਸਟੈਗ ਵਿਚੋਂ ਵੀ ਪੈਸੇ ਕੱਟੇ ਜਾਣ ਦਾ ਮੈਸੇਜ ਵਾਹਨ ਚਾਲਕਾਂ ਦੇ ਮੋਬਾਈਲ 'ਤੇ ਪਹੁੰਚ ਜਾਂਦਾ ਹੈ। 

ਇਸ ਕਾਰਨ ਲੇਟ ਆ ਰਿਹਾ ਮੈਸੇਜ

- ਟੂੰਡਲਾ ਟੋਲ ਪਲਾਜ਼ਾ ਦੇ ਅਧਿਕਾਰੀ ਨੇ ਦੱਸਿਆ ਕਿ ਕਈ ਲੋਕਾਂ ਨੇ ਆਨ ਲਾਈਨ ਫਾਸਟੈਗ ਮੰਗਵਾਏ ਹਨ, ਉਨ੍ਹਾਂ ਦਾ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂਂ ਕਰ ਰਿਹਾ ਹੈ। 
- ਕਈ ਵਾਰ ਇੰਟਰਨੈੱਟ ਦੇ ਕਾਰਨ ਫਾਸਟੈਗ ਦੇਰੀ ਨਾਲ ਕੰਮ ਕਰਦਾ ਹੈ

ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਉਪਭੋਗਤਾਵਾਂ ਦਾ ਜ਼ਿਆਦਾ ਰੁਪਿਆ ਕੱਟਦਾ ਹੈ ਤਾਂ ਉਹ ਕਸਟਮਰ ਕੇਅਰ 'ਤੇ ਗੱਲ ਕਰਕੇ ਪੈਸੇ ਵਾਪਸ ਲੈ ਸਕਦੇ ਹਨ।

ਯੂ.ਪੀ. 83 ਦੇ ਵਾਹਨਾਂ 'ਤੇ ਮਹਿੰਗਾ ਕੀਤਾ ਟੋਲ

ਯੂ.ਪੀ. 83 ਵਾਲੇ ਵਾਹਨਾਂ 'ਤੇ ਟੋਲ ਟੈਕਸ 35 ਰੁਪਏ ਲਗਦਾ ਸੀ। ਉਪਭੋਗਤਾਵਾਂ ਅਨੁਸਾਰ ਟੋਲ ਟੈਕਸ 55 ਰੁਪਏ ਇਕ ਪਾਸੇ ਦੇ ਦੇਣੇ ਪੈ ਰਹੇ ਹਨ। ਅਜਿਹੇ 'ਚ ਵਾਹਨ ਚਾਲਕ ਟੋਲ ਪਲਾਜ਼ਾ ਵਲੋਂ ਲਈ ਜਾਣ ਵਾਲੀ ਰਾਸ਼ੀ ਤੋਂ ਨਾਖੁਸ਼ ਹਨ। ਟੂੰਡਲਾ ਟੋਲ ਪਲਾਜ਼ਾ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦਾ ਨਵਾਂ ਸਰਕੂਲਰ ਆਇਆ ਹੈ। ਫਾਸਟੈਗ ਵਾਹਨਾਂ ਵਾਲਿਆਂ ਨੂੰ ਹੀ ਛੋਟ ਦਿੱਤੀ ਜਾਵੇਗੀ ਜਾਂ ਫਿਰ 235 ਰੁਪਏ ਦਾ ਮਹੀਨਾਵਾਰ ਕਾਰਡ ਬਣ ਰਿਹਾ ਹੈ। ਜਿਹੜਾ ਕਿ 20 ਕਿਲੋਮੀਟਰ ਦੇ ਦਾਇਰੇ ਵਾਲੇ ਵਾਹਨਾਂ ਲਈ ਹੈ।

25 ਫੀਸਦੀ ਦੀ ਛੋਟ ਬੰਦ

ਨੈਸ਼ਨਲ ਹਾਈਵੇ 'ਤੇ ਕੈਸ਼ਲੇਨ ਤੋਂ 24 ਘੰਟੇ ਅੰਦਰ ਆਉਣ-ਜਾਣ 'ਤੇ ਟੋਲ 'ਤੇ ਮਿਲਣ ਵਾਲੀ ਕਰੀਬ 25 ਫੀਸਦੀ ਦੀ ਛੋਟ NHAI ਨੇ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅਪ-ਡਾਊਨ ਟ੍ਰੈਵਲ ਦੀ ਇਕੱਠੀ ਪਰਚੀ ਵੀ ਬੰਦ ਹੋ ਗਈ ਹੈ। ਟੋਲ ਪਲਾਜ਼ਾ ਦੇ 10 ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲਿਆਂ ਨੂੰ ਛੋਟ ਲਈ ਫਾਸਟੈਗ ਲਗਵਾਉਣਾ ਹੋਵੇਗਾ।