ਫਾਰੂਖ ਅਬਦੁੱਲਾ ਨੇ PM ਨੂੰ ਲਿਖੀ ਚਿੱਠੀ, 4ਜੀ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦੀ ਕੀਤੀ ਮੰਗ

03/19/2020 4:59:09 PM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਅਤੇ ਸ਼੍ਰੀਨਗਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਫਾਰੂਖ ਅਬਦੁੱਲਾ ਨੇ ਵੀਰਵਾਰ ਨੂੰ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੰਮੂ-ਕਸ਼ਮੀਰ 'ਚ ਹਾਈ ਸਪੀਡ 4ਜੀ ਇੰਟਰਨੈੱਟ ਸੇਵਾ ਤੁਰੰਤ ਬਹਾਲ ਕੀਤੇ ਜਾਣ ਦੀ ਅਪੀਲ ਕੀਤੀ। ਅਬਦੁੱਲਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਕਿਹਾ,''ਜਿਵੇਂ ਤੁਸੀਂ ਜਾਣਦੇ ਹੋ, ਕੱਲ ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲਾ ਦਾ ਪਤਾ ਲੱਗਾ, ਜਿਸ ਦੇ ਨਤੀਜੇ ਵਜੋਂ ਅਧਿਕਾਰੀਆਂ ਨੇ ਘਾਟੀ ਦੇ ਵੱਡੇ ਹਿੱਸਿਆਂ ਨੂੰ ਬੰਦ ਕਰ ਦਿੱਤਾ।''

ਨੇਕਾਂ ਪ੍ਰਧਾਨ ਨੇ ਕਿਹਾ ਕਿ 5 ਅਗਸਤ 2019 ਦੇ ਬਾਅਦ ਹੋਏ ਬੰਦ ਨਾਲ ਵਪਾਰ ਅਤੇ ਵਿਦਿਆਰਥੀ ਪ੍ਰਭਾਵਿਤ ਹੋਏ ਸਨ ਅਤੇ ਇਕ ਵਾਰ ਫਿਰ ਉਨ੍ਹਾਂ ਨੂੰ ਇਨ੍ਹਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਚਿੱਠੀ 'ਚ ਕਿਹਾ,''ਲੋਕਾਂ ਨੂੰ ਘਰੋਂ ਕੰਮ/ਪੜ੍ਹਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ 2ਜੀ ਇੰਟਰਨੈੱਟ ਦੀ ਗਤੀ ਨਾਲ ਇਹ ਅਸੰਭਵ ਹੈ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਲਈ ਜੰਮੂ-ਕਸ਼ਮੀਰ 'ਚ ਜਲਦ ਤੋਂ ਜਲਦ 4ਜੀ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਜਾਣ।'' ਦੱਸਣਯੋਗ ਹੈ ਕਿ ਕੇਂਦਰ ਨੇ ਧਾਰਾ 370 ਖਤਮ ਕੀਤੇ ਜਾਣ ਦੇ ਕੁਝ ਘੰਟੇ ਪਹਿਲਾਂ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ 'ਚ ਇੰਟਰਨੈੱਟ ਸੇਵਾਵਾਂ ਨੂੰ ਰੋਕ ਦਿੱਤਾ ਸੀ। ਇਸ ਦੇ ਕੁਝ ਮਹੀਨਿਆਂ ਬਾਅਦ ਪੋਸਟਪੇਡ ਮੋਬਾਇਲ ਫੋਨ ਅਤੇ ਬ੍ਰਾਡਬੈਂਡ 'ਤੇ 2ਜੀ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ ਪਰ 4ਜੀ ਸੇਵਾਵਾਂ ਬੰਦ ਰਹੀਆਂ ਸਨ।

DIsha

This news is Content Editor DIsha