ਫਾਰੂਕ ਅਬਦੁੱਲਾ ਨੇ ਕਸ਼ਮੀਰ ’ਚ ਛੇਤੀ ਅੱਤਵਾਦ ਖਤਮ ਹੋਣ ਦੀ ਪ੍ਰਗਟਾਈ ਉਮੀਦ

08/29/2021 10:55:52 AM

ਸ਼੍ਰੀਨਗਰ– ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਸ਼ਮੀਰ ਘਾਟੀ ਵਿਚ ਅੱਤਵਾਦ ਛੇਤੀ ਖਤਮ ਹੋਣ ਦੀ ਉਮੀਦ ਪ੍ਰਗਟਾਈ ਹੈ। ਅਬਦੁੱਲਾ ਨੇ ਸ਼ੁੱਕਰਵਾਰ ਨੂੰ ਗੰਦੇਰਬਲ ਜ਼ਿਲੇ ਦੇ ਸੈਰ-ਸਪਾਟੇ ਵਾਲੇ ਸਥਾਨ ਸੋਨਮਰਗ ਵਿਚ ‘ਸੁਰੱਖਿਆ ਅਤੇ ਊਰਜਾ’ ’ਤੇ 2 ਦਿਨਾ ਪ੍ਰੋਗਰਾਮ ਦੀ ਸਮਾਪਤੀ ਦੌਰਾਨ ਕਿਹਾ ਕਿ ਅੱਤਵਾਦ ਛੇਤੀ ਖਤਮ ਹੋ ਜਾਵੇਗਾ, ਭਰੋਸਾ ਰੱਖੋ। ਸਾਨੂੰ ਆਪਣੇ ਦੇਸ਼ ਨੂੰ ਬਚਾਈ ਰੱਖਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜੰਮੂ-ਕਸ਼ਮੀਰ ‘ਧਰਤੀ ’ਤੇ ਸਵਰਗ’ ਹੈ ਤਾਂ ਵੀ ਲੋਕ ਇਸ ਖੇਤਰ ਦੀ ਯਾਤਰਾ ਕਰਨ ਤੋਂ ਡਰਦੇ ਹਨ ਪਰ ਮੈਂ ਖੁਸ਼ ਹਾਂ ਕਿ ਸੈਲਾਨੀ ਇਥੇ ਆਉਣ। ਜਦੋਂ ਤੁਸੀਂ ਵਾਪਸ ਜਾਓ ਤਾਂ ਤੁਸੀਂ ਜੋ ਦੇਖਿਆ ਉਸ ਨੂੰ ਆਪਣੇ ਦੋਸਤਾਂ ਨੂੰ ਦੱਸੋ।

ਸ਼੍ਰੀਨਗਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਬਦੁੱਲਾ ਨੇ ਕਿਹਾ ਕਿ ਉਹ ਇਕ ਨਵਾਂ ਭਾਰਤ ਦੇਖਣਾ ਚਾਹੁੰਦੇ ਹਨ, ਅਜਿਹਾ ਭਾਰਤ ਜੋ ਸਾਰਿਆਂ ਲਈ ਹੋਵੇ। ਉਨ੍ਹਾਂ ਕਿਹਾ ਕਿ ਭਗਵਾਨ ਨਾ ਤਾਂ ਮੰਦਿਰ ਵਿਚ ਹੈ ਅਤੇ ਨਾ ਹੀ ਮਸਜਿਦ ਵਿਚ। ਭਗਵਾਨ ਤੇ ਅੱਲ੍ਹਾ ਸਾਡੇ ਸਾਰਿਆਂ ਵਿਚ ਹੈ। ਨੈਕਾਂ ਨੇਤਾ ਨੇ ਕਿਹਾ ਕਿ ਕੋਵਿਡ-19 ਨੇ ਅਮਰੀਕਾ ਵਰਗੇ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਪਰ ਭਾਰਤ ਇਸ ਨਾਲ ਚੰਗੀ ਤਰ੍ਹਾਂ ਨਾਲ ਨਜਿੱਠਿਆ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀ ਅਤੇ ਡਾਕਟਰ ਭਾਈਚਾਰੇ ਨੇ ਦੇਸ਼ ਨੂੰ ਮਾਣ ਦਿੱਤਾ ਹੈ। ਅਬਦੁੱਲਾ ਨੇ ਕਿਹਾ ਕਿ ਸੋਨਮਰਗ ਵਰਗੀਆਂ ਥਾਵਾਂ ’ਤੇ ਸੁਰੰਗਾਂ ਦੇ ਨਿਰਮਾਣ ਨਾਲ ਲੋਕਾਂ ਲਈ ਸਰਦੀਆਂ ਵਿਚ ਵੀ ਅਜਿਹੇ ਖੇਤਰਾਂ ਦੀ ਯਾਤਰਾ ਕਰਨ ਦਾ ਰਾਹ ਸਾਫ ਹੋਵੇਗਾ ਅਤੇ ਸਰਦ ਰੁੱਤ ਦੀਆਂ ਖੇਡਾਂ ਲਈ ਮਾਰਗ ਖੁੱਲ੍ਹੇਗਾ।

Rakesh

This news is Content Editor Rakesh