ਕਿਸਾਨਾਂ ਨੇ ਹਰਿਆਣਾ 'ਚ NH-44 'ਤੋਂ ਜਾਮ ਹਟਾਇਆ, ਇਨ੍ਹਾਂ ਮੁੱਦਿਆਂ 'ਤੇ ਬਣੀ ਸਹਿਮਤੀ

09/24/2022 12:08:30 PM

ਕੁਰੂਕੁਸ਼ੇਤਰ (ਵਾਰਤਾ)- ਸਰਕਾਰ ਵਲੋਂ ਆਮ ਨਾਲੋਂ ਵਧ ਸਾਉਣੀ ਦੀ ਫ਼ਸਲ ਦੀ ਖਰੀਦ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਸ਼ਨੀਵਾਰ ਸਵੇਰੇ ਸ਼ਾਹਾਬਾਦ ਵਿਖੇ ਨੈਸ਼ਨਲ ਹਾਈਵੇਅ-44 ਤੋਂ 20 ਘੰਟਿਆਂ ਬਾਅਦ ਆਪਣਾ ਜਾਮ ਹਟਾ ਲਿਆ। ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਅਧੀਨ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਅਤੇ ਚੰਡੀਗੜ੍ਹ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਸੀ ਅਤੇ ਸਰਕਾਰ ਤੋਂ ਤੁਰੰਤ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਹਰਿਆਣਾ 'ਚ ਝੋਨੇ ਸਮੇਤ ਸਾਉਣੀ ਦੀਆਂ ਫ਼ਸਲਾਂ ਦੀ ਖਰੀਦ ਇਕ ਅਕਤੂਬਰ ਤੋਂ ਸ਼ੁਰੂ ਹੋਵੇਗੀ। ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਸਰਕਾਰ ਵਲੋਂ ਪਹਿਲੇ 22 ਕੁਇੰਟਲ ਦੀ ਬਜਾਏ 30 ਕੁਇੰਟਲ ਝੋਨਾ ਪ੍ਰਤੀ ਏਕੜ ਦੀ ਖਰੀਦ 'ਤੇ ਵਿਚਾਰ ਕਰਨ 'ਤੇ ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਇਕ ਅਕਤੂਬਰ ਤੋਂ ਖਰੀਦ ਸ਼ੁਰੂ ਹੋਣ ਤੱਕ ਕਿਸਾਨਾਂ ਵਲੋਂ ਮੰਡੀਆਂ 'ਚ ਲਿਆਈਆਂ ਜਾਣ ਵਾਲੀਆਂ ਫ਼ਸਲਾਂ ਦਾ ਪ੍ਰਬੰਧਨ ਕਰਨਗੇ। ਕੁਰੂਕੁਸ਼ੇਤਰ ਦੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਕਿਸਾਨਾਂ ਨੇ ਨਾਕਾਬੰਦੀ ਹਟਾ ਲਈ ਹੈ, ਕਿਉਂਕਿ ਸ਼ੁੱਕਰਵਾਰ ਨੂੰ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਸੀ, ਇਸ ਲਈ ਇਕ ਸਥਾਨਕ ਐਡਵੋਕੇਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਕੇ ਸਰਕਾਰ ਨੂੰ ਆਵਾਜਾਈ ਸਹੀ ਤਰ੍ਹਾਂ ਯਕੀਨੀ ਕਰਨ ਦਾ ਨਿਰਦੇਸ਼ ਦੇਣ ਲਈ ਕਿਹਾ ਸੀ। ਉੱਥੇ ਹੀ ਕੁਰੂਕੁਸ਼ੇਤਰ 'ਚ ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਤੁਰੰਤ ਹੱਲ ਲੱਭਣ ਲਈ ਕਿਹਾ, ਨਾਲ ਹੀ ਫ਼ੋਰਸ ਦਾ ਇਸਤੇਮਾਲ ਆਖ਼ਰੀ ਵਿਕਲਪ ਲੈ ਕੇ ਤੁਰਨ ਦੇ ਆਦੇਸ਼ ਦਿੱਤੇ ਹਨ। ਕਿਸਾਨਾਂ ਦੇ ਸੜਕਾਂ 'ਤੇ ਆਉਣ ਦੇ ਕਾਰਨ ਦਾ ਹੱਲ ਲੱਭਣ ਨੂੰ ਕਿਹਾ ਗਿਆ ਹੈ। ਮੁੱਖ ਸਕੱਤਰ ਨੂੰ 29 ਸਤੰਬਰ ਨੂੰ ਸਟੇਟਸ ਰਿਪੋਰਟ ਕੋਰਟ 'ਚ ਦਾਖ਼ਲ ਕਰਨ ਲਈ ਕਿਹਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha