ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ 5 ਹੋਰ ਨੇਤਾ ਰਾਸ਼ਟਰਪਤੀ ਨੂੰ ਮਿਲੇ, ਕੀਤੀ ਇਹ ਅਪੀਲ

12/09/2020 5:58:22 PM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦਰਮਿਆਨ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਦਾ ਇਕ ਵਫ਼ਦ ਬੁੱਧਵਾਰ ਨੂੰ ਰਾਮਨਾਥ ਕੋਵਿੰਦ ਨੂੰ ਮਿਲਣ ਪੁੱਜਾ। ਕਾਂਗਰਸ ਨੇਤਾ ਰਾਹੁਲ ਗਾਂਧੀ, ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਸਮੇਤ ਵਿਰੋਧੀ ਧਿਰ ਦੇ 5 ਨੇਤਾਵਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਰਾਮਨਾਥ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਨੂੰ ਸਮਝਣ। ਓਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੇ ਦੇਸ਼ ਦੀ ਨੀਂਹ ਰੱਖੀ ਹੈ। ਉਹ ਦਿਨ-ਰਾਤ ਕੰਮ ਕਰਦੇ ਹਨ। ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨਹੀਂ ਹਨ। ਤਿੰਨੋਂ ਬਿੱਲ ਸੰਸਦ 'ਚ ਬਿਨਾਂ ਚਰਚਾ ਦੇ ਪਾਸ ਹੋਏ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਹਿੰਦੋਸਤਾਨ ਦਾ ਕਿਸਾਨ ਹਟੇਗਾ ਨਹੀਂ, ਡਰੇਗਾ ਨਹੀਂ। ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਉਹ ਡਟੇ ਰਹਿਣਗੇ। 

ਉੱਥੇ ਹੀ ਸੀ. ਪੀ. ਐੱਮ. ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਹੈ। ਅਸੀਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਲਈ ਕਹਿ ਰਹੇ ਹਾਂ, ਜੋ ਬਿਨਾਂ ਲੋਕਤੰਤਰੀ ਤਰੀਕੇ ਨਾਲ ਪਾਸ ਕੀਤੇ ਗਏ। ਇਹ ਕਾਨੂੰਨ ਭਾਰਤ ਦੇ ਹਿੱਤ 'ਚ ਨਹੀਂ ਹਨ ਅਤੇ ਇਸ ਨਾਲ ਸਾਡੀ ਖੁਰਾਕ ਸੁਰੱਖਿਆ ਨੂੰ ਵੀ ਖ਼ਤਰਾ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਵਾਲੇ ਨੇਤਾਵਾਂ 'ਚ ਸ਼ਰਦ ਪਵਾਰ, ਰਾਹੁਲ ਗਾਂਧੀ, ਸੀ. ਪੀ. ਐੱਮ. ਨੇਤਾ ਸੀਤਾਰਾਮ ਯੇਚੁਰੀ, ਸੀ. ਪੀ. ਆਈ. ਜਨਰਲ ਸਕੱਤਰ ਡੀ. ਰਾਜਾ ਅਤੇ ਡੀ. ਐੱਮ. ਕੇ. ਨੇਤਾ ਟੀ. ਕੇ. ਐੱਸ. ਇਲੇਨਗੋਵਨ ਹਨ।

ਨੋਟ: ਵਿਰੋਧੀ ਧਿਰਾਂ ਦੇ ਨੇਤਾਵਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ 'ਤੇ ਕੀ ਹੈ ਤੁਹਾਡੀ ਰਾਏ

Tanu

This news is Content Editor Tanu