ਕਿਸਾਨ ਅੰਦੋਲਨ 'ਚ ਡਟੀਆਂ ਬੀਬੀਆਂ, ਕਿਹਾ- 'ਜੇ ਖੇਤਾਂ 'ਚ ਹੱਥ ਵੰਡਾ ਸਕਦੀਆਂ ਤਾਂ ਇੱਥੇ ਕਿਉਂ ਨਹੀਂ'

12/13/2020 5:00:52 PM

ਨਵੀਂ ਦਿੱਲੀ (ਭਾਸ਼ਾ)— ਖੇਤ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾਲ ਘਿਰੀਆਂ ਪੰਜਾਬ ਅਤੇ ਹਰਿਆਣਾ ਦੀਆਂ ਸੈਂਕੜੇ ਬੀਬੀਆਂ ਹੁਣ ਕਿਸਾਨ ਅੰਦੋਲਨ 'ਚ ਸ਼ਾਮਲ ਹੋ ਕੇ ਆਪਣੀ ਰੁਝੇਵੇਂ ਭਰੀ ਜ਼ਿੰਦਗੀ ਦੇ ਇਕ ਵੱਖਰੇ ਹੀ ਪਹਿਲੂ ਨਾਲ ਰੂ-ਬ-ਰੂ ਹੋ ਰਹੀਆਂ ਹਨ। ਦੋਹਾਂ ਸੂਬਿਆਂ ਤੋਂ ਆਈਆਂ ਬੀਬੀਆਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਕੇਂਦਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਜਦੋਂ ਉਨ੍ਹਾਂ ਦੇ ਪਤੀ, ਪੁੱਤਰ ਅਤੇ ਭਰਾ ਘਰ 'ਚੋਂ ਨਿਕਲੇ ਤਾਂ ਉਹ ਵੀ ਉਨ੍ਹਾਂ ਨਾਲ ਆ ਗਈਆਂ ਅਤੇ ਪਿੰਡਾਂ ਤੋਂ ਦਿੱਲੀ ਵੱਲ ਕੂਚ ਕਰ ਦਿੱਤਾ। 

ਇਹ ਵੀ ਪੜ੍ਹੋ: ਹੱਕਾਂ ਦੀ ਲੜਾਈ ਲਈ ਦਿੱਲੀ 'ਚ ਡਟੇ ਕਿਸਾਨ, ਦੁਬਈ ਤੋਂ ਇਸ NGO ਨੇ ਭੇਜੀ ਮਦਦ (ਵੀਡੀਓ)

ਲੁਧਿਆਣਾ ਦੀ ਰਹਿਣ ਵਾਲੀ 53 ਸਾਲ ਮਨਦੀਪ ਕੌਰ ਨੇ ਕਿਹਾ ਕਿ ਖੇਤੀ ਦੇ ਪੇਸ਼ੇ ਦੀ ਪਹਿਚਾਣ ਲਿੰਗ ਨਾਲ ਨਹੀਂ ਕੀਤੀ ਜਾ ਸਕਦੀ। ਸਾਡੇ ਖੇਤਾਂ ਵਿਚ ਮਰਦ ਅਤੇ ਬੀਬੀ ਦੇ ਆਧਾਰ 'ਤੇ ਫ਼ਸਲ ਪੈਦਾ ਨਹੀਂ ਹੁੰਦੀ। ਕਈ ਪੁਰਸ਼ ਕਿਸਾਨ ਇੱਥੇ ਪ੍ਰਦਰਸ਼ਨ ਕਰ ਰਹੇ ਹਨ, ਅਜਿਹੇ ਵਿਚ ਅਸੀਂ ਘਰਾਂ 'ਚ ਕਿਵੇਂ ਬੈਠ ਜਾਂਦੇ। ਮਨਦੀਪ ਬੱਸ 'ਚ ਸਵਾਰ ਹੋ ਕੇ ਸਿੰਘੂ ਸਰਹੱਦ ਪਹੁੰਚੀ, ਜਿੱਥੇ ਕਰੀਬ ਦੋ ਹਫ਼ਤਿਆਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਰਾਤ ਨੂੰ ਪ੍ਰਦਰਸ਼ਨ ਕਰ ਕੇ ਘਰ ਪਰਤ ਆਈ। ਉਨ੍ਹਾਂ ਨੇ ਕਿਹਾ ਕਿ ਮੈਂ ਵਾਪਸ ਆਵਾਂਗੀ। ਸਾਨੂੰ ਆਪਣਾ ਘਰ ਵੀ ਵੇਖਣਾ ਹੈ ਅਤੇ ਲੜਾਈ ਵੀ ਜਾਰੀ ਰੱਖਣੀ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਖੇਤਾਂ ਦੀ ਸਿੰਚਾਈ ਕੀਤੀ ਅਤੇ ਮੇਰੇ ਪਰਤਣ ਤੱਕ ਉਸ 'ਚ ਨਮੀ ਰਹੇਗੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਚ ਗਰਮ ਕੱਪੜੇ ਵੰਡ ਰਹੇ PM ਮੋਦੀ ਦੇ ਪ੍ਰਸ਼ੰਸਕ ਜੁੜਵਾ ਭਰਾ, ਬੋਲੇ- 'ਇਹ ਸੰਘਰਸ਼ ਦਾ ਸਮਾਂ'

ਜ਼ਿਕਰਯੋਗ ਹੈ ਕਿ ਦਿੱਲੀ ਨੂੰ ਪੰਜਾਬ ਦੇ ਸ਼ਹਿਰਾਂ ਨਾਲ ਜੋੜਨ ਵਾਲੇ ਮੁੱਖ ਮਾਰਗ ਟਿਕਰੀ ਅਤੇ ਸਿੰਘੂ ਸਰਹੱਦ 'ਤੇ ਜਿੱਥੇ ਪੁਰਸ਼ ਪ੍ਰਦਰਸ਼ਨਕਾਰੀ ਡਟੇ ਹੋਏ ਹਨ। ਉੱਥੇ ਹੀ ਬੀਬੀਆਂ ਪ੍ਰਦਰਸ਼ਨ ਵਾਲੀ ਥਾਂ ਅਤੇ ਆਪਣੇ ਘਰਾਂ ਵਿਚਾਲੇ ਸੰਤੁਲਨ ਬਣਾਉਣ ਲਈ ਆ-ਜਾ ਰਹੀਆਂ ਹਨ, ਤਾਂ ਕਿ ਘਰ ਅਤੇ ਖੇਤਾਂ ਦੀ ਦੇਖਭਾਲ ਵੀ ਕਰ ਸਕੀਏ ਅਤੇ ਪ੍ਰਦਰਸ਼ਨ 'ਚ ਆਪਣੀ ਹਿੱਸੇਦਾਰੀ ਯਕੀਨੀ ਕਰ ਸਕੀਏ। ਮਨਦੀਪ ਨਾਲ ਬੱਸ ਤੋਂ 5 ਘੰਟੇ ਦਾ ਸਫ਼ਰ ਕਰ ਕੇ ਲੁਧਿਆਣਾ ਤੋਂ ਸਿੰਘੂ ਸਰਹੱਦ ਉਨ੍ਹਾਂ ਦੀ ਗੁਆਂਢਣ ਸੁਖਵਿੰਦਰ ਕੌਰ ਵੀ ਪੁੱਜੀ ਹੈ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ 'ਚ ਵੀ ਦਿੱਲੀ ਧਰਨੇ 'ਤੇ ਡਟੇ ਕਿਸਾਨ, ਰਾਜਸਥਾਨ ਤੋਂ ਕਿਸਾਨਾਂ ਦਾ 'ਦਿੱਲੀ ਕੂਚ'

ਕੌਰ 68 ਸਾਲਾ ਦੀ ਵਿਧਵਾ ਹੈ ਅਤੇ ਘਰ 'ਚ ਬੈਠ ਕੇ ਅੱਕ ਚੁੱਕੀ ਸੀ, ਕਿਉਂਕਿ ਪਰਿਵਾਰ ਦੇ ਪੁਰਸ਼ ਮੈਂਬਰ ਪ੍ਰਦਰਸ਼ਨ ਵਾਲੀ ਥਾਂ 'ਤੇ ਹਨ। ਇਸ ਲਈ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਦਿੱਲੀ ਦੀ ਸਰਹੱਦ 'ਤੇ ਆਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਰਾਤ ਨੂੰ ਠੀਕ ਢੰਗ ਨਾਲ ਸੌਂ ਨਹੀਂ ਸਕੀ ਸੀ। ਮੇਰੇ ਸਾਰੇ ਕਿਸਾਨ ਭਰਾ ਇੱਥੇ ਲੜ ਰਹੇ ਹਨ, ਇੱਥੇ ਆਉਣ ਮਗਰੋਂ ਹੀ ਮੈਂ ਠੀਕ ਢੰਗ ਨਾਲ ਸੌਂ ਸਕੀ। ਜ਼ਿਕਰਯੋਗ ਹੈ ਕਿ ਮਨਦੀਪ ਕੌਰ ਸਮੇਤ ਸੈਂਕੜੇ ਬੀਬੀਆਂ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਖ਼ਾਲਸਾ ਏਡ ਵਲੋਂ ਮੁਹੱਈਆ ਕਰਵਾਏ ਗਏ ਟੈਂਟ 'ਚ ਰਹਿ ਰਹੀਆਂ ਹਨ।

ਨੋਟ: ਕਿਸਾਨ ਅੰਦੋਲਨ 'ਚ ਬੀਬੀਆਂ ਦੀ ਵੀ ਸ਼ਮੂਲੀਅਤ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Tanu

This news is Content Editor Tanu