ਕਿਸਾਨੀ ਘੋਲ: ‘ਚੁੱਲਿ੍ਹਆਂ ਦੀ ਅੱਗ’ ਤੋਂ ਕਿਸਾਨਾਂ ਨੂੰ ਸੜਕਾਂ ’ਤੇ ਮਿਲ ਰਹੀ ਹੈ ਲੜਾਈ ਲੜਨ ਦੀ ਤਾਕਤ

01/10/2021 6:55:40 PM

ਨਵੀਂ ਦਿੱਲੀ— ਦਿੱਲੀ ਅਤੇ ਹਰਿਆਣਾ ਵਿਚਾਲੇ ਸਿੰਘੂ ਸਰਹੱਦ ’ਤੇ ਪਿਛਲੇ 46 ਦਿਨਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਾਲੇ ਦੋ ਚੀਜ਼ਾਂ ਦੀ ਹੁਣ ਤੱਕ ਕਮੀ ਨਹੀਂ ਹੋਈ ਹੈ, ਉਹ ਹੈ- ਉਨ੍ਹਾਂ ਦੇ ਖਾਣ-ਪੀਣ ਦਾ ਸਾਮਾਨ ਅਤੇ ਉਨ੍ਹਾਂ ਦਾ ਜਜ਼ਬਾ। ਇਹ ਕਿਸਾਨੀ ਸੰਘਰਸ਼ ਤਾਂ ਸੜਕਾਂ ’ਤੇ ਹੋ ਰਿਹਾ ਪ੍ਰਦਰਸ਼ਨ ਹੈ ਪਰ ਇਨ੍ਹਾਂ ਨੂੰ ਤਾਕਤ ਪ੍ਰਦਰਸ਼ਨ ਵਾਲੀ ਥਾਂ ਨੇੜੇ ਬਣੀ ਰਸੋਈ ’ਚ ਮੱਘ ਰਹੇ ਚੁੱਲਿ੍ਹਆਂ ਦੀ ਅੱਗ ਤੋਂ ਮਿਲ ਰਹੀ ਹੈ, ਜੋ ਕਿ ਕੜਾਕੇ ਦੀ ਠੰਡ ’ਚ ਵੀ ਉਨ੍ਹਾਂ ਦੇ ਢਿੱਡ ਦੀ ਅੱਗ ਨੂੰ ਸ਼ਾਂਤ ਕਰ ਕੇ ਸੰਘਰਸ਼ ਦੀ ਜਵਾਲਾ ਨੂੰ ਜਗਾ ਕੇ ਰੱਖ ਰਹੀ ਹੈ। ਸਿੰਘੂ ਸਰਹੱਦ ’ਤੇ ਜ਼ਿਆਦਾਤਰ ਕਿਸਾਨ ਪੰਜਾਬ ਤੋਂ ਆਏ ਹਨ ਅਤੇ ਕੇਂਦਰ ਦੇ ਤਿੰਨੋਂ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣੇ ਆਗੂਆਂ ਵਲੋਂ ਕੀਤੇ ਗਏ ‘ਦਿੱਲੀ ਚਲੋ’ ਦੀ ਅਪੀਲ ’ਤੇ ਬੀਤੇ ਸਾਲ 26 ਨਵੰਬਰ ਤੋਂ ਇੱਥੇ ਡਟੇ ਹੋਏ ਹਨ।

ਪ੍ਰਦਰਸ਼ਨ ਵਾਲੀ ਥਾਂ ’ਤੇ ਦਿਨ ਭਰ ਭਾਸ਼ਣਾਂ ਦਾ ਦੌਰ, ‘ਸਾਡਾ ਹੱਕ, ਇੱਥੇ ਰੱਖ’ ਅਤੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਦੀ ਗੁੂੰਜ ਸੁਣਾਈ ਦਿੰਦੀ ਹੈ। ਉੱਥੇ ਹੀ ਦੂਜੇ ਪਾਸੇ ਲੰਗਰ ’ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਲਈ ਲੰਗਰ ਬਣਦਾ ਹੈ, ਜੋ ਕਿ ਕੇਂਦਰ ਵਲੋਂ ਮੰਗਾਂ ਮੰਨੇ ਜਾਣ ਤੱਕ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਣ ਦੇ ਮੂਡ ’ਚ ਨਹੀਂ ਹਨ। 

ਗੁਰਦਾਸਪੁਰ ਤੋਂ ਆਏ 45 ਸਾਲਾ ਪਲਵਿੰਦਰ ਸਿੰਘ ਨੇ ਕਿਹਾ ਕਿ ਉਹ ਇਕ ਦਿਨ ਸਿੰਘੂ ਸਰਹੱਦ ’ਤੇ ਜੱਥੇ ਨਾਲ ਵਿਚ ਸੜਕ ’ਤੇ ਰਸੋਈ ਘਰ ਬਣਾਉਣ ਲਈ ਆਏ। ਉਨ੍ਹਾਂ ਦੱਸਿਆ ਕਿ ਉਹ ਸਵੇਰ ਦੀ ਸ਼ੁਰੂਆਤ ਇਸ਼ਨਾਨ ਨਾਲ ਕਰਦੇ ਹਨ ਅਤੇ ਉਸ ਤੋਂ ਬਾਅਦ ਅਰਦਾਸ ਕਰਦੇ ਹਨ। ਪਲਵਿੰਦਰ ਨੇ ਕਿਹਾ ਕਿ ¬ਕ੍ਰਾਂਤੀ ਖਾਲੀ ਢਿੱਡ ਨਾਲ ਨਹੀਂ ਆ ਸਕਦੀ।

ਅਸੀਂ ਕਿਸਾਨ ਹਾਂ ਅਤੇ ਅਸੀਂ ਆਪਣੇ ਸਿੱਖ ਗੁਰੂਆਂ ਦੇ ਹੁਕਮਾਂ ਦਾ ਪਾਲਣ ਕਰ ਰਹੇ ਹਾਂ। ਇਹ ਗੁਰੂ ਕਾ ਲੰਗਰ ਹੈ ਅਤੇ ਇਹ ਉਨ੍ਹਾਂ ਦੀ ਕ੍ਰਿਪਾ ਹੈ, ਅਸੀਂ ਤਾਂ ਸਿਰਫ ਉਨ੍ਹਾਂ ਦੀ ਇੱਛਾ ਪੂਰੀ ਕਰਨ ਦਾ ਜ਼ਰੀਆ ਹਾਂ ਅਤੇ ਇਸ ਲਈ ਅਸੀਂ ਇੱਥੇ ਚੁੱਲ੍ਹੇ ਬਾਲੇ ਹੋਏ ਹਨ। 

ਪਲਵਿੰਦਰ ਨੇ ਦੱਸਿਆ ਕਿ ਇੱਥੇ ਬਣੇ ਰਸੋਈ ਘਰ ਵਿਚ ਸਾਰੇ ਪੁਰਸ਼ ਅਤੇ ਬੀਬੀਆਂ ਕੰਮ ਕਰ ਰਹੀਆਂ ਹਨ ਅਤੇ 46 ਦਿਨ ਬੀਤ ਗਏ ਹਨ, ਅਜਿਹਾ ਕਰਦੇ ਹੋਏ ਪਰ ਕੋਈ ਸੇਵਾ ਦਾ ਸਿਹਰਾ ਨਹੀਂ ਲੈਂਦਾ।

ਪਲਵਿੰਦਰ ਨੇ ਕਿਹਾ ਕਿ ਅਸੀਂ ਇੱਥੇ ਇਹ ਜਾਣਦੇ ਹੋਏ ਆਏ ਹਾਂ ਕਿ ਹੰਝੂ ਗੈਸ ਦੇ ਗੋਲੇ ਅਤੇ ਪਾਣੀ ਦੀ ਤੋਪਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਅਸੀਂ ਲੰਬੀ ਲੜਾਈ ਲਈ ਤਿਆਰ ਹਾਂ ਅਤੇ ਆਪਣੇ ਨਾਲ ਸਬਜ਼ੀਆਂ ਅਤੇ ਖਾਣ-ਪੀਣ ਦਾ ਸਾਮਾਨ ਲੈ ਕੇ ਆਏ ਹਾਂ। ਇੱਥੇ ਰੋਟੀ ਬਣਾਉਣ ਦੀ ਮਸ਼ੀਨ ਲਾਈ ਗਈ ਹੈ। ਰਸੋਈ ਘਰ ਦੇ ਬਾਹਰ ਸਾਰੇ ਲੋਕ ਕਤਾਰ ’ਚ ਖੜ੍ਹੇ ਹੋ ਕੇ ਲੰਗਰ ਲੈਂਦੇ ਹਨ। 

Tanu

This news is Content Editor Tanu