ਮਹਾਰਾਸ਼ਟਰ : ਸੋਕਾ ਪ੍ਰਭਾਵਿਤ ਲਾਤੂਰ ’ਚ ਸੀਤਾਫਲ ਦੀ ਖੇਤੀ ਕਰ ਕੇ ਕਿਸਾਨ ਨੇ ਕੀਤੀ ਚੰਗੀ ਕਮਾਈ

10/27/2021 11:03:13 AM

ਔਰੰਗਾਬਾਦ- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ’ਚ ਗਰਮ ਅਤੇ ਪਾਣੀ ਦੀ ਘਾਟ ਵਾਲੇ ਇਲਾਕਿਆਂ ’ਚ ਇਕ ਕਿਸਾਨ ਨੇ ਪਿਛਲੇ 2 ਸਾਲਾਂ ’ਚ ਸੀਤਾਫਲ ਦੀ ਖੇਤੀ ਕਰ ਕੇ ਕਰੀਬ 40 ਲੱਖ ਰੁਪਏ ਦੀ ਕਮਾਈ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਲਾਤੂਰ ਜ਼ਿਲ੍ਹਾ ਸੂਚਨਾ ਦਫ਼ਤਰ ਵਲੋਂ ਮੰਗਲਵਾਰ ਨੂੰ ਜਾਰੀ ਬਿਆਨ ’ਚ ਕਿਸਾਨ ਬਾਲਕ੍ਰਿਸ਼ਨਾ ਨਾਮਦੇਵ ਯੇਲਾਲੇ ਦੀ ਇਸ ਸਫ਼ਲਤਾ ਦੀ ਕਹਾਣੀ ਬਾਰੇ ਦੱਸਿਆ ਗਿਆ ਹੈ। ਯੇਲਾਲੇ ਦਾ ਜਨਰਲ ਪਿੰਡ ’ਚ 7 ਏਕੜ ਦਾ ਖੇਤ ਹੈ, ਜੋ ਦੱਕਨ ਦੇ ਪਠਾਰ ਦੀ ਕਠੋਰ ਬੇਸਾਲਟ ਚੱਟਾਨ ’ਤੇ ਸਥਿਤ ਹੈ। ਅਧਿਕਾਰੀ ਨੇ ਦੱਸਿਆ ਕਿ ਪਹਿਲੇ ਯੇਲਾਲੇ ਕੌਮਾਂਤਰੀ ਬਜ਼ਾਰਾਂ ’ਚ ਵਿਕਰੀ ਲਈ ਅੰਗੂਰ ਦੀ ਪੈਦਾਵਾਰ ਕਰਦੇ ਸਨ ਪਰ ਕੁਝ ਸਾਲ ਪਹਿਲਾਂ ਵਿਦੇਸ਼ ’ਚ ਖਰੀਦਦਾਰਾਂ ਨੇ ਕੀਟਨਾਸ਼ਕ ਦੇ ਇਸਤੇਮਾਲ ਨੂੰ ਲੈ ਕੇ ਅੰਗੂਰ ਖਰੀਦਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪਿਆ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ, ਪੰਜਾਬ ਦੇ ਕਿਸਾਨਾਂ ਲਈ CM ਚੰਨੀ ਅੱਗੇ ਰੱਖ ਦਿੱਤੀ ਵੱਡੀ ਮੰਗ

ਉਨ੍ਹਾਂ ਕਿਹਾ ਕਿ ਯੇਲਾਲੇ ਨੇ ਹਾਰ ਨਹੀਂ ਮੰਨੀ ਅਤੇ ਸੀਤਾਫਲ ਦੀ ਖੇਤੀ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ’ਚ ਪਾਣੀ ਦੀ ਘਾਟ ਰਹਿੰਦੀ ਹੈ ਅਤੇ ਤਾਪਮਾਨ ਵੀ ਵੱਧ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੀਤਾਫਲ ਦੇ ਪੱਤਿਆਂ ਦੀ ਗੰਧ ਕਾਰਨ ਜਾਨਵਰ ਇਸ ਨੂੰ ਖਾਂਦੇ ਨਹੀਂ ਹਨ। ਅਧਿਕਾਰੀ ਨੇ ਕਿਹਾ,‘‘ਸੀਤਾਫਲ ਦੇ ਪੌਦੇ ਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਦੀ ਦੇਖਭਾਲ ’ਤੇ ਹਰੇਕ ਸਾਲ 50 ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਇਸ ਦੀ ਪ੍ਰਤੀ ਏਕੜ  5 ਤੋਂ 10 ਟਨ ਦੀ ਉਪਜ ਹੁੰਦੀ ਹੈ। ਇਸ ਦੀ ਖੇਤੀ ਨਾਲ ਯੇਲਾਲੇ ਨੇ ਪਿਛਲੇ 2 ਸਾਲਾਂ ’ਚ ਕਰੀਬ 40 ਲੱਖ ਰੁਪਏ ਦੀ ਕਮਾਈ ਕੀਤੀ ਹੈ।’’

ਇਹ ਵੀ ਪੜ੍ਹੋ : ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਲਖੀਮਪੁਰ ਖੀਰੀ ਮਾਮਲੇ 'ਚ ਕੀਤੀ ਇਹ ਮੰਗ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha