ਤ੍ਰਿਣਮੂਲ ਕਾਂਗਰਸ ਦੀ ਜਿੱਤ 'ਤੇ ਫਰਾਹ ਖ਼ਾਨ ਦਾ ਖ਼ਾਸ ਟਵੀਟ, ਮਮਤਾ ਬੈਨਰਜੀ ਲਈ ਕਹੀ ਵੱਡੀ ਗੱਲ

05/03/2021 12:32:06 PM

ਮੁੰਬਈ (ਬਿਊਰੋ) : ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜਿਆਂ 'ਚ ਮਮਤਾ ਬੈਨਰਜੀ ਦੀ ਪਾਰਟੀ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਇਕ ਵਾਰ ਫਿਰ ਵੱਡੀ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੰਜੇ ਖ਼ਾਨ ਦੀ ਧੀ ਫਰਾਹ ਖ਼ਾਨ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ।

ਫਰਾਹ ਖ਼ਾਨ ਨੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਅਤੇ ਲਿਖਿਆ: 'ਕੀ ਜਿੱਤ ਹੋਈ। ਤੁਸੀਂ ਪੂਰੀ ਤਰ੍ਹਾਂ ਇਸ ਨੂੰ ਡਿਜ਼ਰਵ ਕਰਦੇ ਹੋ।' ਫਰਾਹ ਖ਼ਾਨ ਨੇ ਆਪਣਾ ਇਹ ਟਵੀਟ ਮਮਤਾ ਬੈਨਰਜੀ ਨੂੰ ਟੈਗ ਕੀਤਾ ਹੈ। ਫਰਾਹ ਖ਼ਾਨ ਦੇ ਇਸ ਟਵੀਟ 'ਤੇ ਯੂਜ਼ਰਸ ਨੇ ਕਾਫ਼ੀ ਪ੍ਰਤੀਕ੍ਰਿਆ ਦਿੱਤੀ। ਫਰਾਹ ਖ਼ਾਨ ਸਮਾਜਿਕ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਰਾਏ ਪੇਸ਼ ਕਰਦੀ ਹੈ। ਫਰਾਹ ਖ਼ਾਨ ਪੇਸ਼ੇ ਦੁਆਰਾ ਇੱਕ ਫੈਸ਼ਨ ਅਤੇ ਜਿਊਲਰੀ ਡਿਜ਼ਾਈਨਰ ਹੈ ਪਰ ਉਹ ਦੇਸ਼ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ 'ਤੇ ਜ਼ਬਰਦਸਤ ਟਵੀਟ ਕਰਦੀ ਹੈ।

ਦੱਸ ਦੇਈਏ ਕਿ ਪੱਛਮੀ ਬੰਗਾਲ ’ਚ ਕੁੱਲ 294 ਵਿਧਾਨ ਸਭਾ ਸੀਟਾਂ ’ਚੋਂ 292 ਸੀਟਾਂ ’ਚੇ 8 ਪੜਾਵਾਂ ’ਚ ਵੋਟਾਂ ਪਈਆਂ ਸਨ, ਜਦਕਿ ਸ਼ਮਸ਼ੇਰਗੰਜ ਤੇ ਜੰਗੀਪੁਰ ਵਿਧਾਨ ਸਭਾ ਹਲਕੇ ਦੇ 2 ਉਮੀਦਵਾਰਾਂ ਦਾ ਦਿਹਾਂਤ ਹੋਣ ਕਾਰਨ ਉੱਥੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ, ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਤੋਂ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਹਾਵੜਾ ਦੀ ਸ਼ਿਵਪੁਰ ਵਿਧਾਨ ਸਭਾ ਸੀਟ ਤੋਂ ਟੀ. ਐੱਮ. ਸੀ. ਦੇ ਮਨੋਜ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਕ੍ਰਿਕਟਰ ਤੋਂ ਨੇਤਾ ਬਣੇ ਮਨੋਜ ਤਿਵਾੜੀ ਨੇ 32 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। 

ਦੱਸਣਯੋਗ ਹੈ ਕਿ ਬੰਗਾਲ 'ਚ ਵੱਡੀ ਜਿੱਤ ਤੋਂ ਬਾਅਦ ਮਮਤਾ ਬੈਨਰਜੀ ਘਰੋਂ ਬਾਹਰ ਨਿਕਲੀ ਅਤੇ ਲੋਕਾਂ ਦਾ ਧੰਨਵਾਦ ਕੀਤਾ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਤ ਦਾ ਜਲੂਸ ਨਾ ਕੱਢੋ। ਉਨ੍ਹਾਂ ਵਰਕਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਆਪਣੇ-ਆਪਣੇ ਘਰ ਜਾਣ। ਮਮਤਾ ਬੈਨਰਜੀ ਜਿੱਤ ਤੋਂ ਬਾਅਦ ਬਿਨਾਂ ਵ੍ਹੀਲਚੇਅਰ ਦੇ ਘਰੋਂ ਬਾਹਰ ਨਿਕਲੀ ਸੀ। 
ਮਮਤਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋ ਕਿਹਾ ਕਿ ਕੋਰੋਨਾ ’ਤੇ ਕੰਟਰੋਲ ਸਾਡੀ ਪਹਿਲੀ ਤਰਜੀਹ ਹੈ। ਸਾਰੇ ਲੋਕ ਕੋਰੋਨਾ ਨਿਯਮਾਂ ਦਾ ਪਾਲਨ ਕਰਨ। ਮਮਤਾ ਨੇ ਕਿਹਾ ਕਿ ਇਹ ਬੰਗਾਲ ਦੀ ਜਿੱਤ ਹੈ। ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਮਮਤਾ ਨੇ ਕਿਹਾ ਕਿ ਲੋਕ ਆਪਣੇ ਘਰ ਜਾਣ ਅਤੇ ਸੁਰੱਖਿਅਤ ਰਹਿਣ।

sunita

This news is Content Editor sunita