ਕੋਰੋਨਾ ਦੀ ਆਫਤ ਦਰਮਿਆਨ 15 ਜੂਨ ਤੋਂ ਫਿਰ ਲੱਗੇਗੀ ਤਾਲਾਬੰਦੀ! ਜਾਣੋ ਕੀ ਹੈ ਖ਼ਬਰ ਦੀ ਸੱਚਾਈ

06/11/2020 3:32:27 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ 10 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਤਾਲਾਬੰਦੀ 'ਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਇਜਾਫਾ ਹੋਇਆ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਦੇਸ਼ ਭਰ 'ਚ 15 ਜੂਨ ਤੋਂ ਬਾਅਦ ਇਕ ਵਾਰ ਮੁੜ ਪੂਰਾ ਤਾਲਾਬੰਦੀ ਲਾਗੂ ਕੀਤੀ ਜਾਵੇਗੀ। ਦਰਅਸਲ ਤਾਲਾਬੰਦੀ-5 'ਚ ਕੰਟੇਨਮੈਂਟ ਜ਼ੋਨ ਭਾਵ ਜਿੱਥੇ ਕੋਰੋਨਾ ਦੇ ਸਭ ਤੋਂ ਵਧੇਰੇ ਕੇਸ ਹਨ, ਉੱਥੇ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ, ਉੱਥੇ ਕਿਸੇ ਤਰ੍ਹਾਂ ਦੀ ਛੋਟ ਨਹੀਂ ਹੈ। ਜਦਕਿ ਬਾਕੀ ਦੀ ਅਰਥਵਿਵਸਥਾ 'ਚ ਢਿੱਲੀ ਦਿੱਤੀ ਗਈ। ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਇਕ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਤਾਲਾਬੰਦੀ ਮੁੜ ਤੋਂ ਲਾਗੂ ਹੋਵੇਗਾ।

ਇਸ ਵਾਇਰਲ ਸੰਦੇਸ਼ ਵਿਚ ਦੱਸਿਆ ਗਿਆ ਹੈ ਕਿ ਤਾਲਾਬੰਦੀ ਪੂਰੇ ਦੇਸ਼ 'ਚ 15 ਜੂਨ ਤੋਂ ਲਾਗੂ ਹੋਵੇਗੀ। ਇਸ ਵਾਇਰਲ ਖ਼ਬਰ 'ਚ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰਾਲਾ ਇਕ ਵਾਰ ਫਿਰ ਰੇਲਗੱਡੀ ਅਤੇ ਹਵਾਈ ਯਾਤਰਾ 'ਤੇ ਪਾਬੰਦੀ ਲਾ ਸਕਦਾ ਹੈ। 'ਜਗ ਬਾਣੀ' ਪੜ੍ਹ ਰਹੇ ਦਰਸ਼ਕਾਂ ਨੂੰ ਦੱਸ ਦੇਈਏ ਕਿ ਇਹ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਬਾਰੇ ਕਿਸੇ ਨਿਊਜ਼ ਚੈਨਲ ਨੇ ਅਜਿਹੀ ਕੋਈ ਖ਼ਬਰ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਕ ਨਿਊਜ਼ ਚੈਨਲ ਦੇ ਬੁਲੇਟਿਨ ਦੇ ਸਕ੍ਰੀਨਸ਼ਾਟ ਨੂੰ ਫੋਟੋਸ਼ਾਪ ਕਰ ਕੇ ਇਹ ਫਰਜ਼ੀ ਖ਼ਬਰ ਫੈਲਾਈ ਜਾ ਰਹੀ ਹੈ। ਇਸ ਫਰਜ਼ੀ ਖ਼ਬਰ 'ਚ ਲਿਖਿਆ ਹੈ- 15 ਜੂਨ ਤੋਂ ਬਾਅਦ ਫਿਰ ਤੋਂ ਹੋ ਸਕਦੀ ਹੈ ਸੰਪੂਰਨ ਤਾਲਾਬੰਦੀ, ਗ੍ਰਹਿ ਮੰਤਰਾਲਾ ਨੇ ਦਿੱਤੇ ਸੰਕੇਤ, ਰੇਲਗੱਡੀ ਅਤੇ ਹਵਾਈ ਸਫਰ 'ਤੇ ਲੱਗੇਗੀ ਬਰੇਕ। ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲੀ ਇਸ ਫਰਜ਼ੀ ਖ਼ਬਰ ਨੂੰ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕੀਤਾ ਹੈ। 



ਇਸ ਬਾਰੇ ਪ੍ਰੈੱਸ ਐਂਡ ਇਨਫੋਰਮੇਸ਼ਨ ਬਿਊਰੋ (ਪੀ. ਆਈ. ਬੀ.) ਫੈਕਟ ਚੈਕ ਨੇ ਵੀ ਕਿਹਾ ਕਿ ਇਹ ਖ਼ਬਰ ਫਰਜ਼ੀ ਹੈ ਅਤੇ ਲੋਕ ਅਜਿਹੀਆਂ ਫਰਜ਼ੀ ਖ਼ਬਰਾਂ ਅਤੇ ਤਸਵੀਰਾਂ ਤੋਂ ਸਾਵਧਾਨ ਰਹਿਣ, ਜਾਗਰੂਕ ਰਹਿਣ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 8,102 ਮੌਤਾਂ ਹੋ ਚੁੱਕੀਆਂ ਹਨ ਅਤੇ 2,86,579 ਕੇਸ ਹੋ ਚੁੱਕੇ ਹਨ। ਇਕ ਦਿਨ ਵਿਚ ਯਾਨੀ ਕਿ ਪਿਛਲੇ 24 ਘੰਟਿਆਂ 'ਚ 9,996 ਕੇਸ ਸਾਹਮਣੇ ਆਏ ਹਨ, ਜਦਕਿ 357 ਲੋਕਾਂ ਦੀ ਮੌਤ ਹੋਈ।

Tanu

This news is Content Editor Tanu