39 ਭਾਰਤੀਆਂ ਦੀ ਮੌਤ ''ਤੇ ਘਿਰੀ ਸਰਕਾਰ ਨੇ ਜਾਣਬੁੱਝ ਕੇ ਬਣਾਈ ਡਾਟਾ ਚੋਰੀ ਦੀ ਕਹਾਣੀ- ਰਾਹੁਲ

03/22/2018 11:59:44 AM

ਨਵੀਂ ਦਿੱਲੀ— ਕੰਪਨੀ ਕੈਂਬ੍ਰਿਜ ਐਨਾਲਿਟਿਕਾ ਵੱਲੋਂ ਯੂਜ਼ਰਸ ਦਾ ਫੇਸਬੁੱਕ ਰਾਹੀਂ ਡਾਟਾ ਚੋਰੀ ਦੇ ਮਾਮਲੇ ਨੇ ਹੁਣ ਸਿਆਸੀ ਰੂਪ ਲੈ ਲਿਆ ਹੈ। ਡਾਟਾ ਚੋਰੀ ਦੇ ਮਾਮਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਰਾਹੁਲ ਨੇ ਟਵੀਟ ਕੀਤਾ ਕਿ 39 ਭਾਰਤੀਆਂ ਦੀ ਮੌਤ 'ਤੇ ਸਰਕਾਰ ਜਦੋਂ ਬੈਕਫੁੱਟ 'ਤੇ ਆ ਗਈ ਅਤੇ ਉਸ ਦਾ ਝੂਠ ਸਾਹਮਣੇ ਆ ਗਿਆ ਤਾਂ ਉਸ ਨੇ ਕਾਂਗਰਸ ਅਤੇ ਡੇਟਾ ਚੋਰੀ ਦਾ ਕਨੈਕਸ਼ਨ ਜੋੜਨਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ 'ਚ 39 ਭਾਰਤੀਆਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਇਸ ਮਾਮਲੇ 'ਤੇ ਕਾਂਗਰਸ ਤੋਂ ਸਵਾਲ ਕੀਤੇ ਸਨ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਹੁਣ ਅਗਵਾ ਲੋਕ ਜ਼ਿੰਦਾ ਨਹੀਂ ਬਚੇ ਹਨ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਕਿਉਂ ਲੁਕਾ ਕੇ ਰੱਖਿਆ।

ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਮਦਦ ਕਰਨ ਵਾਲੀ ਇਕ ਫਰਮ 'ਕੈਂਬ੍ਰਿਜ ਐਨਾਲਿਟਿਕਾ' 'ਤੇ ਲਗਭਗ 5 ਕਰੋੜ ਫੇਸਬੁੱਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਬੁੱਧਵਾਰ ਨੂੰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੈਂਬ੍ਰਿਜ ਐਨਾਲਿਟਿਕਾ ਦਾ ਕੁਨੈਕਸ਼ਨ ਕਾਂਗਰਸ ਨਾਲ ਜੋੜਦੇ ਹੋਏ ਕਈ ਦੋਸ਼ ਲਗਾਏ ਸਨ। ਪ੍ਰਸਾਦ ਨੇ ਦੋਸ਼ ਲਗਾਇਆ ਕਿ ਕੈਂਬ੍ਰਿਜ ਐਨਾਲਿਟਿਕਾ ਦੇ ਕਾਂਗਰਸ ਪਾਰਟੀ ਨਾਲ ਸੰਬੰਧ ਹਨ। ਉਨ੍ਹਾਂ ਨੇ ਕਾਂਗਰਸ ਤੋਂ ਸਵਾਲ ਕੀਤਾ ਸੀ ਕਿ ਰਾਹੁਲ ਗਾਂਧੀ ਦੇ ਸੋਸ਼ਲ ਮੀਡੀਆ ਪ੍ਰੋਫਾਈਲ 'ਚ ਕੈਂਬ੍ਰਿਜ ਐਨਾਲਿਟਿਕਾ ਦੀ ਕੀ ਭੂਮਿਕਾ ਹੈ। ਰਵੀਸ਼ੰਕਰ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ 2019 ਦੀ ਚੋਣ ਮੁਹਿੰਮ ਲਈ ਕੈਂਬ੍ਰਿਜ ਐਨਾਲਿਟਿਕਾ ਦੀ ਸੇਵਾ ਲਈ ਹੈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਨ੍ਹਾਂ ਦੋਸ਼ਾਂ 'ਤੇ ਟਵੀਟ ਕੀਤਾ।