ਦਿੱਲੀ ''ਚ ਨਾਜਾਇਜ਼ ਪਲਾਸਟਿਕ ਫ਼ੈਕਟਰੀ ''ਚ ਕੰਪ੍ਰੈਸਰ ਫੱਟਿਆ, ਦੋ ਲੋਕਾਂ ਦੀ ਗਈ ਜਾਨ

07/01/2023 11:19:47 PM

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਗੋਕਲਪੁਰੀ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀ ਪਲਾਸਟਿਕ ਮੋਲਡਿੰਗ ਫ਼ੈਕਟਰੀ ਵਿਚ ਏਅਰ ਕੰਪ੍ਰੈਸਰ ਟੈਂਕ ਦੇ ਕੰਪ੍ਰੈਸਰ ਫੱਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਬਾਰੇ ਦੁਪਹਿਰ ਸਾਢੇ 3 ਵਜੇ ਇਕ ਪੀ.ਸੀ.ਆਰ. ਕਾਲ ਮਿਲੀ ਸੀ, ਜਿਸ ਵਿਚ ਉਨ੍ਹਾਂ ਨੂੰ ਧਮਾਕੇ ਵਿਚ 3 ਲੋਕਾਂ ਦੇ ਜ਼ਖ਼ਮੀ ਹੋਣ ਤੇ ਉਨ੍ਹਾਂ 'ਚੋਂ 2 ਲੋਕਾਂ ਨੂੰ ਹਸਪਤਾਲ ਲਿਜਾਣ ਦੀ ਸੂਚਨਾ ਦਿੱਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਅੱਤਵਾਦੀਆਂ ਨੂੰ ਰੋਬੋਟਿਕਸ ਦਾ ਕੋਰਸ ਕਰਵਾ ਰਹੀ ISIS, NIA ਵੱਲੋਂ ਕੀਤੇ ਗਏ ਵੱਡੇ ਖ਼ੁਲਾਸੇ

ਡੀ.ਸੀ.ਪੀ. ਜੋਏ ਤਿਰਕੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਤੇ ਫ਼ਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੂੰ ਪਤਾ ਲੱਗਿਆ ਕਿ ਘਰ ਤੋਂ ਹੀ ਪਲਾਸਟਿਕ ਮੋਲਡਿੰਗ ਦੀ ਫ਼ੈਕਟਰੀ ਚਲਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਧਮਾਕੇ ਵਿਚ 4 ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ 'ਚੋਂ 3 ਨੂੰ ਜੀ.ਟੀ.ਬੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਦਕਿ ਚੌਥੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਬਾਅਦ ਵਿਚ ਇਕ ਜ਼ਖ਼ਮੀ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਗਿਰੋਹ ਦਾ ਪਰਦਾਫਾਸ਼, ਪੰਜਾਬ-ਹਰਿਆਣਾ 'ਚ ਕਰਦੇ ਸਨ ਵਾਰਦਾਤਾਂ

ਉਨ੍ਹਾਂ ਦੱਸਿਆ ਕਿ ਇਹ ਧਮਾਕਾ ਪਲਾਸਟਿਕ ਮੋਲਡਿੰਗ ਮਸ਼ੀਨ ਵਿਚ ਵਰਤੇ ਜਾਣ ਵਾਲੇ ਏਅਰ ਕੰਪ੍ਰੈਸਰ ਟੈਂਕ ਵਿਚ ਹੋਇਆ ਸੀ। ਫੈਕਟਰੀ ਤਕਰੀਬਨ 150 ਵਰਗ ਗਜ਼ ਦੇ ਕਿਰਾਏ ਦੇ ਮਕਾਨ ਵਿਚ ਚਲਾਈ ਜਾ ਰਹੀ ਸੀ। ਜਗ੍ਹਾ ਦੇ ਮਾਲਕ ਨਰੇਸ਼ ਨੇ ਇਹ ਜਗ੍ਹਾ ਫੈਕਟਰੀ ਚਲਾਉਣ ਵਾਲੇ ਯਾਦਵ ਨਾਂ ਦੇ ਇਕ ਵਿਅਕਤੀ ਨੂੰ ਕਿਰਾਏ 'ਤੇ ਦਿੱਤਾ ਸੀ। ਦੋਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਮੋਬਾਈਲ ਫ਼ੋਨ ਬੰਦ ਹਨ। ਛੇਤੀ ਹੀ ਉਨ੍ਹਾਂ ਦਾ ਪਤਾ ਲਗਾ ਲਿਆ ਜਾਵੇਗਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਹਿਣੀ ਸੈਕਟਰ 22 ਵਾਸੀ ਬਬਲੂ (38) ਅਤੇ ਖਜੂਰੀ ਖਾਸ ਵਾਸੀ ਰਾਮ ਕਰਨ (60) ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਕਰਨ, ਆਟੋ ਰਿਕਸ਼ਾ ਚਾਲਕ ਸੀ, ਜਦਕਿ ਬਬਲੂ ਕੰਪ੍ਰੈਸਰ ਮਕੈਨਿਕ ਸੀ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra